ਨਵੀਂ ਦਿੱਲੀ- ਅੰਮ੍ਰਿਤਧਾਰੀ ਸਿੱਖ ਬੱਚੀ ਮਨਹਰਲੀਨ ਕੌਰ ਨੂੰ ਕਕਾਰਾਂ ਸਮੇਤ ਡੀ.ਐਸ.ਐਸ.ਬੀ ਦੀ ਪਰੀਖਿਆ ਦੇਣ ਤੋਂ ਰੇਕੇ ਜਾਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਵਿਰੋਧ ਕਰਦੇ ਹੋਏ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੋਰਡ ਦੇ ਚੇਅਰਮੈਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਜਦੋਂ ਡੀ.ਐਸ.ਐਸ.ਬੀ ਬੋਰਡ ਦੀ ਪਰੀਖਿਆ ਦੌਰਾਨ ਸਿੱਖ ਬੱਚਿਆਂ ਨੂੰ ਕਕਾਰ ਸਮੇਤ ਪਰੀਖਿਆ ਕੇਂਦਰ’ਚ ਜਾਣ ਤੋਂ ਰੋਕਿਆ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁਕੇ ਹਨ ਜਿਸ ’ਤੇ ਦਿੱਲੀ ਕਮੇਟੀ ਦੇ ਲੀਗਲ ਸੈਲ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਕਕਾਰ ਸਮੇਤ ਪਰੀਖਿਆ ਦੇਣ ਦੀ ਇਜਾਜ਼ਤ ਦੁਆਈ।
ਸ. ਸਿਰਸਾ ਅਤੇ ਸ. ਕਾਲਕਾ ਨੇ ਕਿਹਾ ਬਹੁਤ ਹੀ ਹੈਰਾਨੀ ਦੀ ਗੱਲ ਹੈ ਜਦੋਂ ਦੇਸ਼ ਦੇ ਸੰਵਿਧਾਨ ’ਚ ਸਿੱਖ ਸਮਾਜ ਦੇ ਲੋਕਾਂ ਨੂੰ ਜੋ ਕਿ ਅੰਮ੍ਰਿਤਧਾਰੀ ਹਨ ਕਿਰਪਾਨ ਪਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਸੰਸਦ ਭਵਨ ਅੰਦਰ ਵੀ ਸਿੱਖ ਕਿਰਪਾਨ ਦੇ ਨਾਲ ਹੀ ਪ੍ਰਵੇਸ਼ ਕਰ ਸਕਦੇ ਹਨ ਫ਼ਿਰ ਵਾਰ-ਵਾਰ ਡੀ.ਐਸ.ਐਸ ਬੋਰਡ ਸਿੱਖਾਂ ਦੀ ਧਾਰਮਕ ਭਾਵਨਾਵਾਂ ਨੂੰ ਕਿਉਂ ਠੇਸ ਪਹੁੰਚਾਉਂਦਾ ਹੈ। ਇਸ ਤੋਂ ਪਹਿਲਾਂ ਵੀ ਜਦੋਂ ਇਸ ਤਰ੍ਹਾਂ ਦੇ ਮੁੱਦੇ ਸਾਹਮਣੇ ਆਏ ਤਾਂ ਦਿੱਲੀ ਦੇ ਮੁੱਖਮੰਤਰੀ ਅਤੇ ਸਿੱਖਿਆ ਮੰਤਰੀ ਨੇ ਸੁਨਿਸ਼ਚਿਤ ਬਣਾਇਆ ਸੀ ਕਿ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਰੋਕ ਲਗਾਉਂਦੇ ਹੋਏ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਸਿੱਖ ਬੱਚਿਆਂ ਨੂੰ ਕਕਾਰ ਸਮੇਤ ਪਰੀਖਿਆ ਕੇਂਦਰ ’ਚ ਜਾਣ ਦੀ ਇਜਾਜ਼ਤ ਮਿਲੇ ਫ਼ਿਰ ਕਿਉਂ ਵਾਰ-ਵਾਰ ਅਜਿਹਾ ਕਰਕੇ ਕੇਜਰੀਵਾਲ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।
ਸ. ਸਿਰਸਾ ਅਤੇ ਸ. ਕਾਲਕਾ ਨੇ ਕਿਹਾ ਕਿ ਸੋਮਵਾਰ ਨੂੰ ਇਸ ਮਸਲੇ ਨੂੰ ਲੈ ਕੇ ਦਿੱਲੀ ਕਮੇਟੀ ਦੀ ਲੀਗਲ ਸੈਲ ਦੀ ਟੀਮ ਅਦਾਲਤ ਅੰਦਰ ਵੀ ਗੁਹਾਰ ਲਗਾਈ ਜਾਵੇਗੀ ਤਾ ਕਿ ਭਵਿੱਖ ’ਚ ਕਿਸੇ ਸਿੱਖ ਬੱਚੇ ਨੂੰ ਇਸ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ ਅਤੇ ਨਾਲ ਹੀ ਜੋ ਲੋਕ ਹੀਣ ਭਾਵਨਾ ਦੇ ਤਹਿਤ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਉਨ੍ਹਾਂ ਖਿਲਾਫ਼ ਕੜੀ ਕਾਰਵਾਈ ਵੀ ਕੀਤੀ ਜਾਵੇ। ਉਨ੍ਹਾਂ ਮਨਹਰਲੀਨ ਕੌਰ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਭਰੋਸ ਦੁਆਇਆ ਕਿ ਦਿੱਲੀ ਕਮੇਟੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਬੱਚੀ ਨੂੰ ਕਕਾਰ ਸਮੇਤ ਪਰੀਖਿਆ ਦੁਆਈ ਜਾਵੇ।

 

Leave a Reply

Your email address will not be published. Required fields are marked *