ਨਵੀਂ ਦਿੱਲੀ- ਅਫ਼ਗਾਨੀ ਸਿੱਖ ਜੱਥੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਭਾਰਤ ਲਿਆਉਣ ’ਤੇ ਅਫ਼ਗਾਨਿਸਤਾਨ ਸਰਕਾਰ
ਵੱਲੋਂ ਲਾਈ ਪਾਬੰਦੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਮੰਦਭਾਗਾ ਕਰਾਰ ਦਿੱਤਾ ਹੈ।ਉਪਰੋਕਤ ਆਗੂਆਂ ਨੇ ਕਿਹਾ ਕਿ ਇਸ ਘਟਨਾ ਨਾਲ ਸਿੱਖਾਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ ਅਤੇ ਇਹ ਸਿੱਖਾਂ ਦੇ ਧਾਰਮਕ ਮਾਮਲਿਆਂ ’ਚ ਦਖਲ ਹੈ ਇਸ ਲਈ ਤਾਲਿਬਾਨ ਸਰਕਾਰ ਇਸ ਪਾਬੰਦੀ ਦੇ ਫ਼ੈਸਲੇ ਨੂੰ ਵਾਪਸ ਲਵੇ।ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਵਿਦੇਸ਼ ਮੰਤਰਾਲਾ ਨਾਲ ਰਾਬਤਾ ਕਾਇਮ ਕਰੇ ਤਾਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਰੱਖਿਅਤ ਭਾਰਤ ਪਰਤ ਸੱਕਣ।ਸ. ਕਾਲਕਾ ਤੇ ਸ. ਕਾਹਲੋਂ ਨੇ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਤੋਂ ਅਫ਼ਗਾਨਿਸਤਾਨ ਵਿਚ ਤਾਲੀਬਾਨੀ ਸਰਕਾਰ ਬਣੀ ਹੈ ਤਾਂ ਉੱਥੇ ਵੱਸਦੇ ਸਿੱਖ ਅਤੇ ਹਿੰਦੂ ਪਰਿਵਾਰ ਦਹਿਸ਼ਤ `ਚ ਆਪਣੀ ਜ਼ਿੰਦਗੀ ਬਸਰ ਕਰ ਰਹੇ
ਹਨ। ਘੱਟ ਗਿਣਤੀਆਂ ’ਤੇ ਹੁੰਦੇ ਤਸ਼ਦਦ ਕਾਰਣ ਹੀ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਭਾਰਤ ਪਰਤਣ ਨੂੰ ਮਜਬੂਰ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ 11 ਸਤੰਬਰ ਨੂੰ 60 ਅਫ਼ਗਾਨੀ ਸਿੱਖਾਂ ਦੇ ਜੱਥੇ ਨੇ 4 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਮੇਤ ਭਾਰਤ ਪੁੱਜਣਾ ਸੀ, ਲੇਕਿਨ ਤਾਲੀਬਾਨੀ ਸਰਕਾਰ ਵੱਲੋਂ ਸਰੂਪ ਲਿਆਉਣ ’ਤੇ ਰੋਕ ਲਗਾ ਦਿੱਤੀ ਗਈ।ਜਿਨ੍ਹਾਂ ਅਫ਼ਗਾਨੀ ਸਿੱਖਾਂ ਨੇ ਭਾਰਤ ਆਉਣਾ ਸੀ ਉਹ ਵੀ ਸਰੂਪਾਂ ’ਤੇ ਲਾਈ ਪਾਬੰਦੀ ਕਾਰਣ ਭਾਰਤ
ਨਹੀਂ ਪਰਤ ਸਕੇ।