Sun. Mar 3rd, 2024


 

 

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹੁਣ ਉਨ੍ਹਾਂ ਪ੍ਰਿੰਟਰਾਂ, ਪ੍ਰਕਾਸ਼ਕਾਂ ਦੀ ਨਕੇਲ ਕੱਸਣ

ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ, ਜੋ ਅਨਜਾਣਪੁਣੇ ਜਾਂ ਸਿਰਫ਼ ਚੰਦ ਮੁਨਾਫ਼ਾ ਕਮਾਉਣ ਦੇ ਟੀਚੇ ਨਾਲ ਗੁਰਬਾਣੀ ਦੇ ਗੁਟਕਿਆਂ ’ਤੇ ਲੋਕਾਂ ਦੀਆਂ ਤਸਵੀਰਾਂ ਛਾਪ ਕੇ ਬੇਅਦਬੀ ਕਰ ਰਹੇ ਹਨ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ

ਗੁਰਬਾਣੀ ਦੇ ਗੁਟਕੇ ਛਾਪਣ ਦਾ ਅਧਿਕਾਰ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਹੈ।ਇਸ ਲਈ ਸੰਗਤ ਨੂੰ ਜੇਕਰ ਕੋਈ ਗੁਟਕਾ ਸਾਹਿਬ ਕਿਸੇ ਨੂੰ ਭੇਟ ਕਰਨਾ ਹੈ ਤਾਂ ਇਨ੍ਹਾਂ ਸੰਸਥਾਨਾਂ ਤੋਂ ਛਪਾਈ ਕੀਤੇ

ਗੁਟਕਾ ਸਾਹਿਬ ਹੀ ਲੈਣ ਕਿਉਂਕਿ ਕੁਝ ਪ੍ਰਕਾਸ਼ਕਾਂ ਦੁਆਰਾ ਗੈਰ-ਕਾਨੂੰਨੀ ਤਰੀਕੇ ਨਾਲ ਛਪਾਈ ਕੀਤੇ ਗਏ ਗੁਟਕਾ ਸਾਹਿਬ ’ਚ ਕਈ ਤਰ੍ਹਾਂ ਦੀਆਂ ਕਮੀਆਂ ਹਨ ਜਿਸ ਨਾਲ ਬੇਅਦਬੀ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਕੁਝ ਪੰਥ ਦਰਦੀਆਂ ਵੱਲੋਂ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ

ਇਸ ਗੱਲ ’ਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਕਿ ਸਿੱਖ ਧਰਮ ਤੇ ਮਰਯਾਦਾ ਦੀ ਜਾਣਕਾਰੀ ਦੀ ਘਾਟ ਵਜੋਂ ਕੁਝ ਪ੍ਰਿੰਟਰਾਂ ਵੱਲੋਂ ਬਿਨਾਂ ਕੋਈ ਪੁੱਛ-ਗਿੱਛ ਕੀਤੇ ਹੀ ਗੁਰਬਾਣੀ ਦੇ ਗੁਟਕਿਆਂ ਦੇ ਕਵਰ ਪੇਜ ਦੇ ਅੰਦਰ-ਬਾਹਰ ਕਿਤੇ ਨਾ ਕਿਤੇ ਕੋਈ ਫੋਟੋ ਛਾਪ ਦਿੱਤੀ ਜਾਂਦੀ

ਹੈ ਜੋ ਕਿ ਬੇਅਦਬੀ ਹੈ।ਸ. ਕਰਮਸਰ ਵੱਲੋਂ ਦਿੱਲੀ-ਐਨ.ਸੀ.ਆਰ ਦੇ ਸਾਰੇ ਰਜ਼ਿਸਟਰਡ ਪ੍ਰਿੰਟਰਾਂ-ਪ੍ਰਕਾਸ਼ਕਾਂ ਦੀ ਇਕ ਸੂਚੀ ਤਿਆਰ ਕਰਵਾਈ ਜਾ ਰਹੀ ਹੈ। ਸੂਚੀਬੱਧ ਹੋਏ ਪ੍ਰਿੰਟਰਾਂ ਦੀਆਂ ਐਸੋਸੀਏਸ਼ਨਾਂ ਦੇ ਮੁਖੀਆਂ ਨਾਲ ਧਰਮ ਪ੍ਰਚਾਰ ਕਮੇਟੀ ਦੀ ਟੀਮ ਵੱਲੋਂ ਮੀਟਿੰਗ ਕਰਕੇ ਉਨ੍ਹਾਂ ਨੂੰ ਸਿੱਖ ਧਰਮ ਦੀ ਰਹਿਤ-ਮਰਯਾਦਾ ਦੀ ਜਾਣਕਾਰੀ ਦਿੱਤੀ ਜਾਵੇਗੀ ਤੇ ਉਨ੍ਹਾਂ ਦੇ ਅਦਾਰੇ ’ਚ ਛਪਾਈ ਲਈ ਆਉਣ ਵਾਲੇ ਗੁਰਬਾਣੀ ਦੇ ਗੁਟਕਿਆਂ ਵਿੱਚ ਫੋਟੋ ਜਾਂ ਅਜਿਹੀ ਕੋਈ ਵੀ ਪ੍ਰਚਾਰ ਸਮੱਗਰੀ ਨਹੀਂ ਛਾਪਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਜਿਸ ਨਾਲ ਬੇਅਦਬੀ ਨਾ ਹੁੰਦੀ ਹੋਵੇ।ਧਰਮ ਪ੍ਰਚਾਰ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਤੇ ਹੋਰਨਾਂ ਸਿੰਘ ਸਭਾ ਗੁਰਦੁਆਰਿਆਂ ਦੇ ਬਾਹਰ ਲੱਗਣ ਵਾਲੇ ਸਟਾਲਾਂ ਜਿੱਥੇ

ਗੁਰਬਾਣੀ ਦੇ ਗੁਟਕੇ ਵੇਚੇ ਜਾਂਦੇ ਹਨ, ਉਨ੍ਹਾਂ ਸਟਾਲ ਸੰਚਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹਾ ਕੋਈ ਵੀ ਗੁਟਕਾ ਵੇਚਣ ਤੋਂ ਗੁਰੇਜ਼ ਕਰਨ ਜਿਸ ’ਤੇ ਕਿਸੇ ਵਿਅਕਤੀ ਜਾਂ ਸੰਸਥਾ ਦੀ ਫੋਟੋ ਲੱਗੀ ਹੋਵੇ ਅਜਿਹਾ ਨਾ ਹੋਣ ’ਤੇ ਇਨ੍ਹਾਂ ਸਟਾਲ ਸੰਚਾਲਕਾਂ ਵਿਰੁੱਧ

ਵੀ ਕਾਨੂੰਨੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਗੇ।ਇਸ ਸਬੰਧੀ ਸ. ਜਸਪ੍ਰੀਤ ਸਿੰਘ ਕਰਮਸਰ ਵੱਲੋਂ ਲੀਗਲ ਸੈਲ ਦੇ ਵਕੀਲਾਂ ਨਾਲ ਮੀਟਿੰਗ ਕਰਕੇ ਇਸ ਮਾਮਲੇ ’ਤੇ ਠੱਲ੍ਹ ਪਾਉਣ ਲਈ ਉਨ੍ਹਾਂ ਦਾ ਮਸ਼ਵਰਾ ਵੀ ਲਿਆ ਗਿਆ ਹੈ ।

Leave a Reply

Your email address will not be published. Required fields are marked *