ਨਵੀਂ ਦਿੱਲੀ -ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਦੀ ਸਾਰੀ ਪ੍ਰਾਪਰਟੀਆਂ ਜ਼ਬਤ ਕਰਕੇ ਉਹਨਾਂ ਪ੍ਰਾਪਰਟੀਆਂ ਨੂੰ ਵੇਚ ਕੇ ਸਕੂਲਾਂ ਤੇ ਚੜਿਆ ਕਰੋੜਾਂ ਰੁਪਏ ਦੇ ਕਰਜ਼ੇ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ।
ਕਿਉਂਕਿ ਕਮੇਟੀ ਅੰਦਰ ਇੰਨਾ ਘਾਟਾ ਉਨ੍ਹਾਂ ਵਲੋਂ ਕੀਤੀ ਗਈ ਅਣਗਹਿਲੀ ਅਤੇ ਪ੍ਰਬੰਧ ਨੂੰ ਸੁੱਚਾਰੁ ਤਰੀਕੇ ਨਾਲ ਨਾ ਚਲਾਨ ਕਰਕੇ ਵੱਧ ਰਿਹਾ ਹੈ । ਦਿੱਲੀ ਕਮੇਟੀ ਵੱਲੋਂ ਪ੍ਰਸ਼ਾਸਕ ਦੀ ਨਿਯੁਕਤੀ ਵਿਰੁੱਧ ਦਾਇਰ ਅਪੀਲ ਬੀਤੇ ਦਿਨੀਂ ਵਾਪਸ ਲੈ ਲਈ ਗਈ ਹੈ। ਹੁਣ ਡਾਇਰਕਟਰ ਔਫ ਏਡੂਕੈਸ਼ਨ ਨੇ ਜਾਂ ਤਾਂ ਪ੍ਰਸ਼ਾਸਕ ਦੀ ਨਿਯੁਕਤੀ ਜਾਂ ਸਕੂਲਾਂ ਦੀ ਮਾਨਤਾ ਰੱਦ ਕਰਨ ਬਾਰੇ ਫੈਸਲਾ ਲੈਣਾ ਹੈ।
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਸ. ਜਸਮੀਤ ਸਿੰਘ ਪੀਤਮਪੁਰਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਦਿੱਲੀ ਕਮੇਟੀ ਤੇ ਕਬਜ਼ਾ ਕਰੀ ਬੈਠੇ ਹਰਮੀਤ ਸਿੰਘ ਕਾਲਕਾ ਤੇ ਉਸਦੀ ਜੁੰਡਲੀ ਨੇ ਜੇ ਸਮਾਂ ਰਹਿੰਦੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ । ਇਹ ਲੋਕ ਸੰਗਤ ਦੇ ਪੈਸੇ ਨਾਲ ਬਣਾਈਆਂ ਸਾਡੀਆਂ ਸੰਸਥਾਵਾਂ ਨੂੰ ਲੁੱਟ ਕੇ ਖਾ ਗਏ । ਇਹਨਾਂ ਦਾ ਸਾਰਾ ਧਿਆਨ ਆਪਣੇ ਬੰਦਿਆਂ ਨੂੰ ਚੇਅਰਮੈਨੀਆਂ ਦੇਣ ਤੇ ਮੈਨੇਜਰ ਲਗਾਉਣ ਅਤੇ ਉਹਨਾਂ ਦੀ ਐਸ਼ ਲਈ ਹੋਰ ਸਾਰੇ ਸਾਧਨ ਇਕੱਠੇ ਕਰਨ ਤੇ ਲੱਗਿਆ ਰਿਹਾ । ਤੇ ਸਕੂਲਾਂ ਦਾ ਇਹਨਾਂ ਲੋਕਾਂ ਨੇ ਬੇੜਾ ਗ਼ਰਕ ਕਰ ਦਿੱਤਾ ।
ਇਹ ਸਕੂਲ ਕਿਸੇ ਵੇਲੇ ਚੜ੍ਹਦੀ ਕਲਾ ਵਿੱਚ ਸ਼ੁਰੂ ਹੋਏ ਸਨ । ਤੇ ਅੱਜ ਇਹਨਾਂ ਲੋਕਾਂ ਕਰਕੇ ਕੀ ਹਾਲਤ ਹੋ ਗਈ ਹੈ । ਜੇਕਰ ਇਹਨਾਂ ਭ੍ਰਿਸ਼ਟ ਲੋਕਾਂ ਵਿੱਚ ਮਾੜੀ ਮੋਟੀ ਵੀ ਨੈਤਿਕਤਾ ਬਾਕੀ ਹੈ ਤਾਂ ਇਹਨਾਂ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ । ਦਿੱਲੀ ਕਮੇਟੀ ਨੂੰ ਇਹੋ ਜਿਹੇ ਪ੍ਰਬੰਧਕਾਂ ਦੀ ਕੋਈ ਜ਼ਰੂਰਤ ਨਹੀਂ ਹੈ।