Sat. Mar 2nd, 2024


ਨਵੀਂ ਦਿੱਲੀ -ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਕੌਮ ਦੇ ਮਹਾਨ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉੰਕੇ ਦੀ ਯਾਦ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਮਾਗਮ ਕੀਤਾ ਗਿਆ ਉਸਤੋੰ ਸਪੱਸ਼ਟ ਹੁੰਦਾ ਹੈ ਕਿ ਇਹ ਸਮਾਗਮ ਭਾਈ ਕਾਉੰਕੇ ਦਾ ਨਾਮ ਵਰਤਕੇ ਸਿਆਸੀ ਤੌਰ ਤੇ ਹਾਸ਼ੀਏ ਤੇ ਪਹੁੰਚੇ ਲੋਕਾਂ ਵੱਲੋਂ ਕੀਤਾ ਗਿਆ ਇੱਕ ਪ੍ਰਾਪੇਗੰਡਾ ਪ੍ਰੋਗਰਾਮ ਸੀ । ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਜਬਰ ਤੇ ਜ਼ੁਲਮ ਦੇ ਖ਼ਿਲਾਫ਼ ਸੀ । ਜਿੰਨਾ ਨੇ ਭਾਈ ਸਾਹਿਬ ਤੇ ਜ਼ੁਲਮ ਕਰਦਿਆਂ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੀ ਗੱਲ ਕਰਨ ਵਾਲੇ ਇਹਨਾਂ ਲੋਕਾਂ ਦੀ ਜ਼ੁਬਾਨ ਨਹੀਂ ਖੁੱਲ੍ਹਦੀ ਤੇ ਨਾ ਹੀ ਲੱਤਾਂ ਭਾਰ ਝੱਲਦੀਆਂ ਹਨ । ਪਰ ਉਹਨਾਂ ਦੀ ਸ਼ਹਾਦਤ ਨੂੰ ਅਧਾਰ ਬਣਾਕੇ ਬਿਗਾਨੇ ਹੱਥਾਂ ‘ਚ ਖੇਡਦਿਆਂ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ । ਇਹਨਾਂ ਲੋਕਾਂ ਨੂੰ ਦਾ ਇੱਕੋ ਇੱਕ ਏਜੰਡਾ ਹੈ ਕਿ ਇਸ ਮਸਲੇ ਨੂੰ ਵਰਤ ਕੇ ਅਕਾਲੀ ਦਲ ਤੇ ਦਬਾਅ ਪਾ ਕੇ ਭਾਜਪਾ ਨਾਲ ਗਠਜੋੜ ਲਈ ਮਜਬੂਰ ਕੀਤਾ ਜਾਵੇ ।

ਭਾਈ ਕਾਉੰਕੇ ਦਾ ਨਾਮ ਵਰਤਕੇ ਕੀਤੇ ਇਕੱਠ ਵਿੱਚ ਜੋ ਬੰਦੇ ਸ਼ਾਮਲ ਹੋਏ ਉਹਨਾਂ ਵਿੱਚੋਂ ਬਲਵੰਤ ਸਿੰਘ ਰਾਮੂਵਾਲੀਏ ਨੂੰ ਸਾਰੇ ਜਾਣਦੇ ਹਨ ਕਿ ਉਹ ਪਹਿਲਾਂ ਹਰਕਿਸ਼ਨ ਸਿੰਘ ਸੁਰਜੀਤ ਨੂੰ ਆਪਣਾ ਪਿਓ ਕਹਿੰਦਾ ਰਿਹਾ ਤੇ ਮੁੜ ਸੁਰਜੀਤ ਨੇ ਇਸਦੀ ਗਿਰਗਿਟ ਵਰਗੀ ਬਿਰਤੀ ਨੂੰ ਪਹਿਚਾਣਦਿਆਂ ਇਸਨੂੰ ਪਾਸੇ ਕਰ ਦਿੱਤਾ ਸੀ । ਭਾਈ ਮੋਹਕਮ ਸਿੰਘ ਸੰਗਤ ਨੂੰ ਇਹ ਦੱਸਣ ਕਿ ਕੀ ਸ. ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਸਾਹਿਬ ਦੇ ਲਈ ਧਰਨੇ ਤੇ ਨਹੀ ਬੈਠੇ ? ਕੀ ਸ. ਪ੍ਰਕਾਸ਼ ਸਿੰਘ ਬਾਦਲ ਜਥੇਦਾਰ ਸਾਹਿਬ ਦੇ ਭੋਗ ਤੇ ਨਹੀ ਗਏ। ? ਜਾਂਚ ਕਮੇਟੀ ਸ. ਬਾਦਲ ਨੇ ਹੀ ਬਣਾਈ ਸੀ ਪਰ ਜਦੋਂ ਉਹ ਕਮੇਟੀ ਭਾਈ ਸਾਹਿਬ ਨੂੰ ਸ਼ਹੀਦ ਹੀ ਨਹੀ ਸੀ ਮੰਨਦੀ ਤਾਂ ਉਸਨੂੰ ਲਾਗੂ ਕਿਵੇਂ ਕੀਤਾ ਜਾ ਸਕਦਾ ਸੀ ? ਭਾਈ ਮੋਹਕਮ ਸਿੰਘ ਨੇ 2010 ਵਿੱਚ ਆਰ ਟੀ ਆਈ ਤਹਿਤ ਇਹ ਰਿਪੋਰਟ ਹਾਸਲ ਕੀਤੀ ਸੀ ਤੇ ਪਿਛਲੇ ਚੌਦਾਂ ਸਾਲਾਂ ਵਿੱਚ ਇਸਦੀ ਗੱਲ ਕਿਉੰ ਨਹੀਂ ਕੀਤੀ ? ਜਾਂ ਉਹਨਾਂ ਨੇ ਮੁੜ ਤੋਂ ਜਾਂਚ ਦੀ ਮੰਗ ਕਿਉਂ ਨਾ ਕੀਤੀ ? ਗੱਲਾਂ ਸਪੱਸ਼ਟ ਹਨ ਕਿ ਹੁਣ ਇੱਕ ਗਿਣੇ ਮਿੱਥੇ ਤਰੀਕੇ ਨਾਲ ਇਸ ਮਸਲੇ ਨੂੰ ਉਭਾਰਕੇ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਨੀਤੀ ਹੈ । ਇਸ ਤਰ੍ਹਾਂ ਬਲਜੀਤ ਸਿੰਘ ਦਾਦੂਵਾਲ ਦੇ ਕਿਰਦਾਰ ਨੂੰ ਸਾਰੀ ਕੌਮ ਜਾਣਦੀ ਹੈ ।
ਪਰ ਦਿੱਲੀ ਦੀ ਸੰਗਤ ਇਹਨਾਂ ਸਾਰੇ ਲੋਕਾਂ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੀ ਹੈ ਤੇ ਇਸ ਸਮਾਗਮ ਤੋਂ ਸੰਗਤ ਨੇ ਪਾਸਾ ਵੱਟ ਕੇ ਇਹਨਾਂ ਲੋਕਾਂ ਨੂੰ ਔਕਾਤ ਦਿਖਾਈ ਹੈ ਕਿ ਤੁਸੀਂ ਕੌਮ ਦੇ ਸ਼ਹੀਦਾਂ ਦਾ ਨਾਮ ਵਰਤਕੇ ਸੰਗਤ ਨੂੰ ਗੁਮਰਾਹ ਨਹੀ ਕਰ ਸਕਦੇ ।

Leave a Reply

Your email address will not be published. Required fields are marked *