ਨਵੀਂ ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅੱਧੀਨ ਚਲਾਏ ਜਾ ਰਹੇ ਇਤਿਹਾਸ ਖੋਜ ਅਦਾਰੇ “ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ਼” ਵਿਖੇ ਹਿੰਦੁਸਤਾਨ ਸਰਕਾਰ ਦੀ ਖੁਫੀਆ ਏਜੰਸੀ ਆਈ.ਬੀ. ਦੇ ਵਿਸ਼ੇਸ਼ ਡਾਇਰੈਕਟਰ ਆਈ.ਪੀ.ਐਸ ਡਾਕਟਰ ਮਨਮੋਹਨ ਦਾ ਪ੍ਰਸਤਾਵਿਤ ਲੈਕਚਰ ਰੱਦ ਹੋ ਗਿਆ ਹੈ। ਜਿਕਰਯੋਗ ਹੈ ਕਿ “ਸ਼ਹਾਦਤ ਦਾ ਸਿੱਖ ਸੰਕਲਪ, ਗੁਰੂ ਤੇਗ ਬਹਾਦਰ ਜੀ ਦੇ ਵਿਸ਼ੇਸ਼ ਸੰਦਰਭ ‘ਚ” ਵਿਸ਼ੇ ਉਤੇ ਇਹ ਲੈਕਚਰ ਦਿੱਲੀ ਕਮੇਟੀ ਦੇ ਦਫ਼ਤਰ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ 10 ਅਕਤੂਬਰ 2022 ਨੂੰ ਆਯੋਜਿਤ ਹੋਣਾ ਸੀ। ਇਸ ਪ੍ਰੋਗਰਾਮ ਦੀ ਸਰਪ੍ਰਸਤੀ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਮੁੱਖ ਮਹਿਮਾਨ ਵਜੋਂ ਸਾਬਕਾ ਰਾਜਸਭਾ ਮੈਂਬਰ ਸ੍ਰ. ਤਰਲੋਚਨ ਸਿੰਘ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਰਾਜਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਰਨੀ ਸੀ। ਇਸ ਮੌਕੇ ‘ਤੇ ਪ੍ਰੋ. ਰਵੇਲ ਸਿੰਘ ਰਚਿਤ ਪੁਸਤਕ ‘ਦ ਰੈਚਡ ਵਨਜ਼’ ਵੀ ਰਿਲੀਜ਼ ਕੀਤੀ ਜਾਣੀ ਸੀ। ਕਮੇਟੀ ਵਲੋਂ ਹੁਣ ਪ੍ਰੋਗਰਾਮ ਵਿਚ ਬਦਲੀ ਕਰਦਿਆਂ ਹੁਣ ਸਾਹਿਤਯ ਅਕਾਦਮੀ ਇਨਾਮ ਯਾਫਤਾ ਲੇਖਕ ਖਾਲਿਦ ਹੁਸੈਨ “ਅਜੋਕੇ ਸਮਿਆਂ ਵਿੱਚ ਬਾਬਾ ਫ਼ਰੀਦ ਬਾਣੀ ਦੀ ਸਾਰਥਕਤਾ” ਵਿਸ਼ੇ ਉਤੇ ਲੈਕਚਰ ਦੇਣਗੇ।