ਨਵੀਂ ਦਿੱਲੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਚੋਣ ਹਾਰਨ ਦੇ ਬਾਵਜੂਦ ਅਕਾਲੀ ਦਲ ਬਾਦਲ ਨੂੰ ਵੱਡੀ ਜਿੱਤ ਮਿਲੀ ਹੈ । 46 ਮੈਂਬਰਾਂ ਵਾਲੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਅਕਾਲੀ ਦਲ ਬਾਦਲ ਦੇ 27 ਮੈਂਬਰ ਜੇਤੂ ਰਹੇ।
ਅਕਾਲੀ ਦਲ ਦਿੱਲੀ ਨੂੰ 15 ਸੀਟਾਂ ਮਿਲੀਆਂ ਅਤੇ ਮਨਜੀਤ ਸਿੰਘ ਜੀ.ਕੇ. ਦੀ ਪਾਰਟੀ ਜਾਗੋ 3 ਸੀਟਾਂ ਜਿੱਤਣ ਵਿਚ ਸਫ਼ਲ ਰਹੀ ਅਤੇ ਇਕ ਸੀਟ ਆਜ਼ਾਦ ਉਮੀਦਵਾਰ ਦੀ ਝੋਲੀ ਵਿਚ ਗਈ। ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਜੇਤੂ ਰਹੇ ਅਤੇ ਮਨਜਿੰਦਰ ਸਿੰਘ ਸਿਰਸਾ ਦੀ ਹਾਰ ਹੁਣ ਉਨ੍ਹਾਂ ਨੂੰ ਨਵਾਂ ਪ੍ਰਧਾਨ ਥਾਪੇ ਜਾਣ ਦੀ ਚਰਚਾ ਕੀਤੀ ਜਾ ਰਹੀ ਹੈ।
ਜਿਕਰਯੋਗ ਹੈ ਕਿ ਦਿੱਲੀ ਗੁਰਦਵਾਰਾ ਚੋਣਾਂ ਲਈ ਤਕਰੀਬਨ ਸਾਢੇ ਤਿੰਨ ਲੱਖ ਸਿੱਖਾਂ ਦੀਆਂ ਵੋਟਰ ਸੂਚੀਆਂ ਤਿਆਰ ਕੀਤੀਆਂ ਗਈਆਂ ਪਰ 22 ਅਗਸਤ ਨੂੰ ਵੋਟਾਂ ਵਾਲੇ ਸਿਰਫ਼ 37 ਫ਼ੀ ਸਦੀ ਸਿੱਖ ਹੀ ਵੋਟ ਪਾਉਣ ਪੁੱਜੇ। ਵੋਟਾਂ ਦੀ ਗਿਣਤੀ ਦਾ ਕੰਮ ਪੰਜ ਥਾਵਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਅਤੇ ਕੈਮਰਿਆਂ ਦੀ ਨਿਗਰਾਨੀ ਹੇਠ ਕੀਤਾ ਗਿਆ। ਦਿੱਲੀ ਗੁਰਦਵਾਰਾ ਚੋਣਾਂ ਦੌਰਾਨ 312 ਉਮੀਦਵਾਰ ਚੋਣ ਮੈਦਾਨ ਵਿਚ ਨਿੱਤਰੇ ਜਿਨ੍ਹਾਂ ਵਿਚੋਂ 182 ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਸਨ ਜਦਕਿ 132 ਨੇ ਆਜ਼ਾਦ ਉਮੀਦਵਾਰ ਵਜੋਂ ਕਿਸਮਤ ਅਜ਼ਮਾਈ ਸੀ । ਪੰਜਾਬੀ ਬਾਗ ਸੀਟ ਤੋਂ ਅਕਾਲੀ ਦਲ ਦਿੱਲੀ ਦੇ ਹਰਵਿੰਦਰ ਸਿੰਘ ਸਰਨਾ ਨੇ ਸਿਰਸਾ ਨੂੰ 500 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਆਪਣੀ ਜਿੱਤ ਦਰਜ਼ ਕਰਵਾਈ ਹੈ ।