ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਕਮੇਟੀ ਦੀ ਲੀਗਲ ਟੀਮ ਦੀ ਮਿਹਨਤ ਸਦਕਾ 26 ਜਨਵਰੀ ਦੀਆਂ ਘਟਨਾਵਾਂ ਦੇ ਸਬੰਧ ਵਿਚ ਗ੍ਰਿਫਤਾਰ ਇਕ ਹੋਰ ਨੌਜਵਾਨ ਨੁੂੰ ਜ਼ਮਾਨਤ ਮਿਲ ਗਈ ਹੈ।
ਸ੍ਰੀ ਸਿਰਸਾ ਨੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਕਿ ਅੱਜ ਨੌਜਵਾਨ ਖੇਮਪ੍ਰੀਤ ਸਿੰਘ ਦੀ ਜ਼ਮਾਨਤ ਮਨਜ਼ੁਰ ਹੋ ਗਈ ਹੈ। ਉਹ ਪਿਛਲੇ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ ਵਿਚ ਬੰਦ ਸੀ। ਉਹਨਾਂ ਦੱਸਿਆ ਕਿ ਹੁਣ ਪੁਰਾਣੇ ਕੇਸਾਂ ਵਿਚੋਂ ਸਿਰਫ ਮਨਿੰਦਰ ਸਿੰਘ ਮੋਹਣੀ ਜੋ ਲਾਲ ਕਿਲੇ ‘ਤੇ ਗਤਕਾ ਕਰ ਰਿਹਾ ਸੀ, ਉਸਦੀ ਜ਼ਮਾਨਤ ਬਾਕੀ ਰਹਿ ਗਈ ਜੋ ਅਗਲੇ ਹਫਤੇ ਹਰ ਹਾਲਾਤ ਵਿਚ ਹਰ ਜਾਵੇਗੀ ਜਦਕਿ ਬਾਕੀ ਸਾਰੇ ਗ੍ਰਿਫਤਾਰ ਕਿਸਾਨਾਂ ਦੀ ਜ਼ਮਾਨਤ ਹੋ ਗਈ ਹੈ। ਉਹਨਾਂ ਦੱਸਿਆ ਕਿ ਸਿਰਫ ਬੂਟਾ ਸਿੰਘ ਤੇ ਸਾਥੀ ਜੋ ਪੁਲਿਸ ਹਿਰਾਸਤ ਵਿਚ ਹਨ, ਉਹ ਬਾਕੀ ਰਹਿ ਗਏ ਹਨ।
ਉਹਨਾਂ ਦੱਸਿਆ ਕਿ ਕਮੇਟੀ ਦੀ ਲੀਗਲ ਟੀਮ ਦੀ ਮਿਹਨਤ ਸਦਕਾ 160 ਵਿਅਕਤੀਆਂ ਦੀ ਰੈਗੂਲਰ ਅਤੇ 110 ਤੋਂ ਜ਼ਿਆਦਾ ਪੇਸ਼ਗੀ ਜ਼ਮਾਨਤਾਂ ਯਾਨੀ ਕੁੱਲ 270 ਤੋਂ ਜ਼ਿਆਦਾ ਲੋਕਾਂ ਦੀਆਂ ਜ਼ਮਾਨਤ ਦਿੱਲੀ ਕਮੇਟੀ ਨੇ ਕਰਵਾਈਆਂ ਹਨ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ।
ਉਹਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਦਾ ਇਕ ਵੀ ਪੈਸਾ ਨਹੀਂ ਲੱਗਾ ਤੇ ਕਈ ਵਿਅਕਤੀਆਂ ਦੀਆਂ ਜ਼ਮਾਨਤਾਂ ਦੇ ਬਾਂਡ ਵੀ ਜੋ ਲੱਖਾਂ ਰੁਪਏ ਦੇ ਸਨ, ਕਮੇਟੀ ਨੇ ਭਰੇ ਹਨ। ਉਹਨਾਂ ਦੱਸਿਆ ਕਿ ਇਸ ਕਿਸਾਨੀ ਸੰਘਰਸ਼ ਵਿਚ ਬਹੁਤ ਸਾਰੇ ਲੋਕਾਂ ਨੇ ਵੱਧ ਚੜ ਕੇ ਯੋਗਦਾਨ ਪਾਇਆ ਹੈ ਤੇ ਅਸੀਂ ਵੀ ਕਮੇਟੀ ਵੱਲੋਂ ਤੇ ਆਪਣੇ ਵੱਲੋਂ ਜਿੰਨੀ ਸੇਵਾ ਗੁਰੂ ਸਾਹਿਬ ਨੇ ਆਪ ਦਿੱਤੀ ਸੀ, ਉਹ ਕੀਤੀ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਅਸੀਂ ਇਕ ਵਾਰ ਫਿਰ ਤੋਂ ਦੁਹਰਾਉਣਾ ਚਾਹੁੰਦੇ ਹਾਂ ਕਿ ਦਿੱਲੀ ਕਮੇਟੀ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਹਮੇਸ਼ਾ ਜੋ ਵੀ ਜ਼ਰੂਰਤ ਪਵੇਗੀ, ਉਸ ਲਈ ਅੱਗੇ ਹੋ ਕੇ ਸੇਵਾ ਕਰੇਗੀ। ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਆਇਆ ਹੈ, ਉਸਦਾ ਗੁਰੂ ਸਾਹਿਬ ਨੇ ਆਪ ਅੰਗ ਸੰਗ ਸਹਾਈ ਹੋ ਕੇ ਕੰਮ ਸਿਰੇ ਚੜਾਇਆ ਹੈ।
ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਸੀ, ਹਾਂ ਤੇ ਹਮੇਸ਼ਾ ਡਟੇ ਰਹਾਂਗੇ।

 

Leave a Reply

Your email address will not be published. Required fields are marked *