ਨਵੀਂ ਦਿੱਲੀ- ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਫੁੱਲ ਟਾਈਮ ਭਾਸ਼ਾ ਅਧਿਆਪਕਾਂ ਨੂੰ ਪੱਕਾ ਕਰਨ ਲਈ ਜਾਗੋ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੇਜਰੀਵਾਲ ਨੂੰ ਫੁੱਲ ਟਾਈਮ ਪੰਜਾਬੀ ਅਧਿਆਪਕਾਂ ਦੀਆਂ ਪਰੇਸ਼ਾਨੀਆਂ ਨੂੰ ਹੱਲ ਕਰਨ ਸਬੰਧੀ ਸਰਕਾਰੀ ਆਦੇਸ਼ਾਂ ਅਤੇ ਕਾਰਵਾਈ ਦਾ ਹਵਾਲਾ ਵੀ ਦਿੱਤਾ ਹੈ। ਨਾਲ ਹੀ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਲੰਬੇ ਇੰਤਜ਼ਾਰ ਬਾਅਦ ਪੰਜਾਬੀ ਅਧਿਆਪਕਾਂ ਦੀ ਭਰਤੀ ਪਰਿਕ੍ਰੀਆ ਨੂੰ ਸਰਕਾਰ ਵੱਲੋਂ ਸ਼ੁਰੂ ਕਰਨ ਲਈ ਦਿੱਲੀ ਦੇ ਸਾਰੇ ਪੰਜਾਬੀਆਂ ਵੱਲੋਂ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਜੀਕੇ ਨੇ ਇਸ ਨੂੰ ਦੇਰੀ ਨਾਲ ਲਿਆ ਗਿਆ ਦਰੁਸਤ ਫ਼ੈਸਲਾ ਦੱਸਦੇ ਹੋਏ ਕਿਹਾ ਕਿ ਅੱਜ ਪੰਜਾਬੀ ਭਾਸ਼ਾ ਨੇ ਆਪਣੀ ਬਖ਼ਤਾਵਰ ਵਿਰਾਸਤ ਅਤੇ ਪ੍ਰਭਾਵੀ ਸਭਿਆਚਾਰ ਦੇ ਜ਼ੋਰ ਉੱਤੇ ਦੇਸ਼-ਵਿਦੇਸ਼ ਵਿੱਚ ਆਪਣੀ ਪਹਿਚਾਣ ਬਣਾਈ ਹੈ। ਇਸ ਲਈ ਦਿੱਲੀ ਦੀ ਅਧਿਕ੍ਰਿਤ ਦੂਜੀ ਰਾਜ-ਭਾਸ਼ਾ ਹੋਣ ਦੇ ਨਾਤੇ ਪੰਜਾਬੀ ਭਾਸ਼ਾ ਨੂੰ ਸਨਮਾਨ ਦੁਆਉਣਾ ਹਮੇਸ਼ਾ ਸਾਡੀ ਅਗੇਤ ਰਿਹਾ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਫੁੱਲ ਟਾਈਮ ਪੰਜਾਬੀ ਟੀਚਰ ਸੰਗਠਨ ਦੇ ਪ੍ਰਤੀਨਿਧੀਆਂ ਵੱਲੋਂ ਮੈਨੂੰ ਉਨ੍ਹਾਂ ਦੀ ਪਰੇਸ਼ਾਨੀਆਂ ਸਬੰਧੀ ਇੱਕ ਮੰਗ ਪੱਤਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਉਨ੍ਹਾਂ ਨੇ ਆਪਣੀ ਪਰੇਸ਼ਾਨੀਆਂ ਬਾਰੇ ਦੱਸਿਆ ਹੈ। ਜੀਕੇ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੁੱਲ ਟਾਈਮ ਭਾਸ਼ਾ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪਾਸੋਂ ਸਿੱਧੀ ਤਨਖ਼ਾਹ ਦਵਾਉਣ ਦੇ ਨਾਲ ਹੀ ਆਈ.ਡੀ. ਵੀ ਉਪਲਬਧ ਕਰਵਾਈ ਜਾਵੇ ਅਤੇ ਭਾਸ਼ਾ ਦੇ ਇਨ੍ਹਾਂ ਸੇਵਕਾਂ ਨੂੰ ਦਿੱਲੀ ਸਰਕਾਰ ਵੱਲੋਂ ਕੀਤੀ ਜਾ ਰਹੀ ਪੰਜਾਬੀ ਅਤੇ ਉਰਦੂ ਅਧਿਆਪਕਾਂ ਦੀ ਭਰਤੀ ਸਮੇਂ ਨਾਲ ਹੀ ਪੱਕਾ ਕੀਤਾ ਜਾਵੇ, ਤਾਂਕਿ ਇਹਨਾਂ ਦੀ ਵਰਿਸ਼ਠਤਾ ਅਤੇ ਤਜਰਬੇ ਨੂੰ ਸਰਕਾਰੀ ਮਾਨਤਾ ਮਿਲ ਸਕੇ।

ਜੀਕੇ ਨੇ ਦੱਸਿਆ ਕਿ ਇਨ੍ਹਾਂ ਪੰਜਾਬੀ ਅਧਿਆਪਕਾਂ ਦੀ ਨਿਯੁਕਤੀ ਸਾਲ 1986-1990 ਦੇ ਦੌਰਾਨ ਸਿੱਖਿਆ ਸਕੱਤਰ, ਦਿੱਲੀ ਸਰਕਾਰ ਦੀ ਮੰਗ ਦੇ ਆਧਾਰ ਉੱਤੇ ਪੰਜਾਬੀ ਅਕਾਦਮੀ ਵੱਲੋਂ ਲਈ ਗਈ ਲਿਖਤੀ ਪ੍ਰੀਖਿਆ ਅਤੇ ਸਿੱਖਿਆ ਨਿਦੇਸ਼ਾਲਏ ਦੇ ਅਧਿਕਾਰੀਆਂ ਵੱਲੋਂ ਲਏ ਗਏ ਇੰਟਰਵਿਊ ਦੇ ਆਧਾਰ ਉੱਤੇ ਹੋਈ ਸੀ। ਉਸ ਸਮੇਂ ਸਟਾਫ਼ ਨਿਯੁਕਤੀ ਲਈ ਦਿੱਲੀ ਅਧਿਨਸਥ ਸੇਵਾ ਚੋਣ ਬੋਰਡ ਚਲਨ ਵਿੱਚ ਨਹੀਂ ਸੀ। 2008 ਵਿੱਚ ਇਨ੍ਹਾਂ ਆਰਜ਼ੀ ਅਧਿਆਪਕਾਂ ਨੂੰ ਦਿੱਲੀ ਸਿੱਖਿਆ ਵਿਭਾਗ ਵੱਲੋਂ ਕੈਬਿਨਟ ਸਿਫ਼ਾਰਿਸ਼ ਨੰਬਰ 1394 ਤਾਰੀਖ਼ 17/04/2008 ਦੇ ਆਧਾਰ ਉੱਤੇ ਫੁੱਲ ਟਾਈਮ ਕੀਤਾ ਗਿਆ ਸੀ। ਨਾਲ ਹੀ ਇਨ੍ਹਾਂ ਦਾ ਤਨਖ਼ਾਹ ਸਬੰਧੀ ਬਜਟ ਸਿੱਖਿਆ ਵਿਭਾਗ ਵੱਲੋਂ ਕਲਾ, ਸੰਸਕ੍ਰਿਤੀ ਅਤੇ ਭਾਸ਼ਾ ਵਿਭਾਗ ਦੀ ਮਾਰਫ਼ਤ ਭਾਸ਼ਾ ਅਕਾਦਮੀਆਂ ਨੂੰ ਆਵੰਟਤ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਇਸ ਫ਼ੈਸਲੇ ਦਾ ਅਸਰ ਕੁਲ 231 ਭਾਸ਼ਾ ਅਧਿਆਪਕਾਂ ਉੱਤੇ ਹੋਇਆ ਸੀ, ਜਿਸ ਵਿੱਚ 106 ਪੰਜਾਬੀ, 50 ਸੰਸਕ੍ਰਿਤ ਅਤੇ 75 ਉਰਦੂ ਭਾਸ਼ਾ ਦੇ ਅਧਿਆਪਕ ਸ਼ਾਮਿਲ ਸਨ। ਪਰ ਪੰਜਾਬੀ ਦੇ ਇਨ੍ਹਾਂ ਫੁੱਲ ਟਾਈਮ ਅਧਿਆਪਕਾਂ ਨੂੰ ਹੁਣ ਵੀ ਲਗਭਗ 30 ਸਾਲ ਦੀ ਨੌਕਰੀ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਆਈ.ਡੀ. ਨਹੀਂ ਮਿਲੀ ਹੈ। ਜਿਸ ਵਜਾ ਨਾਲ ਸਿੱਖਿਆ ਵਿਭਾਗ ਕੋਲ ਇਨ੍ਹਾਂ ਨੂੰ ਆਪਣੇ ਪ੍ਰੋਜੇਕਟ ਆਦਿ ਕਿਸੇ ਗੈੱਸਟ ਟੀਚਰ ਦੀ ਆਈ.ਡੀ. ਤੋਂ ਵਿਭਾਗ ਨੂੰ ਭੇਜਣੇ ਪੈਂਦੇ ਹਨ। ਜੋ ਕਿ ਵਿਭਾਗ ਦੇ ਆਦੇਸ਼ ਦੀ ਉਲੰਘਣਾ ਹੈ। ਜਿਸ ਕੈਬਿਨਟ ਆਦੇਸ਼ ਤੋਂ ਇਨ੍ਹਾਂ ਫੁੱਲ ਟਾਈਮ ਅਧਿਆਪਕਾਂ ਦੀ ਨਿਯੁਕਤੀ ਹੋਈ ਸੀ, ਉਸ ਦੇ ਤਹਿਤ ਹੀ ਕਸ਼ਮੀਰੀ ਸ਼ਰਨਾਰਥੀ ਅਧਿਆਪਕਾਂ ਨੂੰ ਵੀ ਫੁੱਲ ਟਾਈਮ ਅਧਿਆਪਕ ਬਣਾਇਆ ਗਿਆ ਸੀ। ਅੱਜ ਜਿੱਥੇ ਕਸ਼ਮੀਰੀ ਸ਼ਰਨਾਰਥੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਆਪ ਪੁਰੀ ਤਨਖ਼ਾਹ ਦੇ ਰਿਹਾ ਹੈ ਉੱਥੇ ਹੀ ਉਨ੍ਹਾਂ ਨੂੰ ਆਈ.ਡੀ. ਵੀ ਮਿਲੀ ਹੋਈ ਹੈ। ਪਰ ਭਾਸ਼ਾ ਅਧਿਆਪਕ ਅੱਜ ਵੀ ਗੈਰ ਮਾਨਤਾ ਪ੍ਰਾਪਤ ਅਧਿਆਪਕਾਂ ਦੀ ਤਰਾਂ ਅਕਾਦਮੀਆਂ ਦੇ ਰਹਮੋ ਕਰਮ ਉੱਤੇ ਅਧੂਰੇ ਵੇਤਨਮਾਨ ਦੇ ਨਾਲ ਪੱਕੇ ਅਧਿਆਪਕਾਂ ਦੇ ਬਰਾਬਰ ਸਾਰਾ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕੁੱਝ ਤਾਂ ਕਲਾਸ ਟੀਚਰ ਦੇ ਤੌਰ ਉੱਤੇ ਵੀ ਸੇਵਾ ਦੇ ਰਹੇ ਹਨ।

 

Leave a Reply

Your email address will not be published. Required fields are marked *