ਨਵੀਂ ਦਿੱਲੀ -ਸੰਵਿਧਾਨ ਅਤੇ ਕਾਨੂੰਨ ਅਨੁਸਾਰ ਬਣਦੀ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੜੀ ਤਹਿਤ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਇਨਸਾਫ਼ ਪਸੰਦ ਕਾਰਕੁੰਨਾ ਨੇ ਅੱਜ ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਜਾਣਕਾਰੀ ਭਰਪੂਰ ਇਸ਼ਤਿਹਾਰ ਵੰਡਦੇ ਹੋਏ ਜਾਗਰੂਕ ਕੀਤਾ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਵਿਚ ਗੁਰਬਾਣੀ ਕੀਰਤਨ ਕਰਦੇ ਹੋਏ ਰਿਹਾਈ ਮੋਰਚੇ ਦੇ ਇਨ੍ਹਾਂ ਕਾਰਕੁਨਾਂ ਨੇ ਸ਼ਮੁਲੀਅਤ ਕੀਤੀ। ਬੰਦੀ ਸਿੰਘਾਂ ਦੀ ਰਿਹਾਈ ਦੀਆਂ ਮੰਗਾਂ ਵਾਲੀ ਟੀ-ਸ਼ਰਟਾਂ ਪਾਕੇ ਸੰਗਤਾਂ ਦਾ ਧਿਆਨ ਸਿੱਖ ਕੌਮ ਦੀ ਇਸ ਚਿਰੋਕਣੀ ਮੰਗ ਵਲ ਆਕਰਸ਼ਿਤ ਕਰਨ ਦੇ ਮਕਸਦ ਨਾਲ ਨੌਜਵਾਨਾਂ ਨੂੰ ਇਸ ਮੌਕੇ ਟੀ-ਸ਼ਰਟਾਂ ਵੀ ਵੰਡੀਆਂ ਗਈਆਂ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਕਾਰਜਕਾਰੀ ਪ੍ਰਧਾਨ ਗੁਰਦੀਪ ਸਿੰਘ ਮਿੰਟੂ, ਕਨਵੀਨਰ ਅਵਤਾਰ ਸਿੰਘ ਕਾਲਕਾ, ਮੀਤ ਪ੍ਰਧਾਨ ਰਵਿੰਦਰ ਸਿੰਘ ਅਤੇ ਬੁਲਾਰੇ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਪ੍ਰਤੀ ਅਸੀਂ ਲੋਕਾਂ ਦਾ ਧਿਆਨ ਖਿੱਚਣ ਵਿਚ ਕਾਮਯਾਬ ਰਹੇ ਹਾਂ। ਕਿਉਂਕਿ ਅਸੀਂ ਲੋਕਾਂ ਨੂੰ ਆਪਣੇ ਪ੍ਰੋਗਰਾਮਾਂ ਵਿਚ ਬੁਲਾਉਣ ਦੀ ਬਜਾਏ ਖੁਦ ਅਜਿਹੇ ਸਥਾਨ ਜਾਂ ਪ੍ਰੋਗਰਾਮਾਂ ‘ਚ ਹਾਜਰੀ੍ ਭਰ ਰਹੇ ਹਾਂ, ਜਿਥੇ ਸੰਗਤਾਂ ਪਹਿਲਾਂ ਤੋਂ ਹੀ ਮੌਜੂਦ ਹੁੰਦਿਆਂ ਹਨ।
ਰਿਹਾਈ ਮੋਰਚਾ ਆਗੂਆਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪੂਰੇ ਜੀਵਨ ਵਿਚ ਸੱਚ ਉਤੇ ਪਹਿਰਾ ਦਿੱਤਾ ਸੀ ਤੇ ਗਲਤ ਦਾ ਵਿਰੋਧ ਕੀਤਾ ਸੀ। ਧਰਮ ਅਤੇ ਇਨਸਾਫ਼ ਦੇ ਨਾਂਮ ਉਤੇ ਪਾਖੰਡਵਾਦ ਅਤੇ ਬੇਇਨਸਾਫੀਆਂ ਕਰਨ ਵਾਲੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ੀਸ਼ਾ ਵਿਖਾਇਆ ਸੀ। ਇਸ ਲਈ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਬੰਦੀ ਸਿੰਘਾਂ ਨਾਲ ਹੋ ਰਹੀ ਬੇਇਨਸ਼ਾਫੀ ਬਾਰੇ ਸੰਗਤਾਂ ਨੂੰ ਜਾਗਰੂਕ ਕਰਨ ਨੂੰ ਦਿੱਲੀ ਦੇ ਸਭ ਤੋਂ ਵਡੇ ਨਗਰ ਕੀਰਤਨ ਵਿਚ ਸ਼ਮੁਲੀਅਤ ਕੀਤੀ ਹੈ ਤੇ ਇਸ ਲੜੀ ਨੂੰ ਸਥਾਨਕ ਕਲੋਨੀਆਂ ਦੇ ਨਗਰ ਕੀਰਤਨ ਵਿਚ ਵੀ ਤੋਰਿਆ ਜਾਵੇਗਾ। ਤਾਕਿ ਸੰਵਿਧਾਨ ਤੇ ਕਾਨੂੰਨ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਮੁਮਕਿਨ ਹੋ ਸਕੇ। ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਦਰਦ ਰੱਖਣ ਵਾਲੇ ਬਜ਼ੁਰਗ ਕਾਰਕੁੰਨ ਹਰਬੰਸ ਸਿੰਘ ਨੇ ਵ੍ਹੀਲਚੇਅਰ ਰਾਹੀਂ ਨਗਰ ਕੀਰਤਨ ਵਿਚ ਰਿਹਾਈ ਮੋਰਚੇ ਦੇ ਹੋਰਨਾਂ ਆਗੂ ਮਨਜੀਤ ਸਿੰਘ, ਬਲਜਿੰਦਰ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਭਾਟੀਆ ਸਣੇ ਹਾਜ਼ਰੀ ਭਰੀ।