ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਨੇ ਪਾਰਟੀ ਦੇ ਕੌਮੀ ਪ੍ਰਧਾਨ
ਸੁਖਬੀਰ ਸਿੰਘ ਬਾਦਲ ਤੋਂ ਨਗਰ ਨਿਗਮ ਚੋਣਾਂ ਵਿਚ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਮੰਗ ਕੀਤੀ ਹੈ।ਬੀਬੀ ਰਣਜੀਤ ਕੌਰ ਨੇ ਪਾਰਟੀ ਪ੍ਰਧਾਨ ਸਮੇਤ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਮਿਲ ਕੇ ਇਸ ਵਿਸ਼ੇ ਨੂੰ ਰੱਖਣ ਦੀ ਗੱਲ ਕਹੀ ਹੈ।ਉਨ੍ਹਾਂ ਕਿਹਾ
ਕਿ ਪਾਰਟੀ ਨੂੰ ਨਗਰ ਨਿਗਮ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨੇ ਚਾਹੀਦੇ ਹਨ ਕਿਉਂਕਿ ਦਿੱਲੀ ਵਿੱਚ ਬਹੁਤ ਸਾਰੀਆਂ ਸੀਟਾਂ ਅਜਿਹੀਆਂ ਹਨ ਜਿੱਥੇ ਸਿੱਖ ਅਤੇ ਪੰਜਾਬੀ ਵੋਟਰ ਜਿੱਤ-ਹਾਰ ਦਾ ਫੈਸਲਾ ਕਰਦੇ ਹਨ।ਦੂਜੇ ਪਾਸੇ ਦਿੱਲੀ ਦੇ ਲੋਕ ਭਾਜਪਾ ਅਤੇ ਆਮ
ਆਦਮੀ ਪਾਰਟੀ ਦੀਆਂ ਗਲਤ ਨੀਤੀਆਂ ਤੋਂ ਪੂਰੀ ਤਰ੍ਹਾਂ ਦੁੱਖੀ ਹਨ ਪਰ ਕੋਈ ਵਿਕਲਪ ਨਾਹੋਣ ਕਾਰਨ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਦੇ ਨੁਮਾਇੰਦੇ ਨੂੰ ਚੁਣਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਪੱਛਮੀ ਦਿੱਲੀ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਇਸ ਲਈ ਘੱਟੋ-ਘੱਟ ਇਨ੍ਹਾਂ ਸੀਟਾਂ ’ਤੇ ਉਮੀਦਵਾਰ ਜ਼ਰੂਰ ਖੜ੍ਹੇ ਕੀਤੇ ਜਾਣ।ਬੀਬੀ ਰਣਜੀਤ ਕੌਰ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀਆਂ ਚੋਣਾਂ ਵਿਚ ਦਿੱਲੀ ਦੀ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਆਪਣਾ ਪੂਰਾ ਵਿਸ਼ਵਾਸ ਪ੍ਰਗਟਾਉਂਦਿਆਂ ਪੂਰਨ ਬਹੁਮਤ ਨਾਲ ਜਿਤਾ ਕੇ ਭੇਜਿਆ ਸੀ, ਇਸ ਲਈ ਸਾਨੂੰ ਪੂਰੀ ਉਮੀਦ ਹੈ ਕਿ ਜੇਕਰ ਪਾਰਟੀ ਪ੍ਰਧਾਨ ਇਸ ’ਤੇ ਵਿਚਾਰ ਕਰਦੇ ਹਨ ਤਾਂ ਨਿਸ਼ਚਿਤ ਤੌਰ ’ਤੇ
ਸ਼੍ਰੋਮਣੀ ਅਕਾਲੀ ਦਲ ਕਈ ਸੀਟਾਂ ’ਤੇ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਮਜ਼ਬੂਤ ਹੋਵੇਗੀ ਅਤੇ ਪਾਰਟੀ ਦਾ ਆਧਾਰ ਦਿੱਲੀ ਵਿਚ ਹੋਰ ਵਧੇਗਾ।