ਨਵੀਂ ਦਿੱਲੀ – ਦਿੱਲੀ ਵਿਖੇ ਹੋਈਆਂ ਨਗਰ ਨਿਗਮ ਚੋਣਾਂ ਵਿਚ ਸਿੱਖਾਂ ਦੀ ਮਾਂ ਬੋਲੀ ਅਤੇ ਦਿੱਲੀ ਅੰਦਰ ਦੂਜਾ ਦਰਜ਼ਾ ਪ੍ਰਾਪਤ ਪੰਜਾਬੀ ਭਾਸ਼ਾ ਨਾਲ ਕੀਤੇ ਗਏ ਵਿਤਕਰੇ ਖਿਲਾਫ ਘੱਟ ਗਿਣਤੀ ਕਮਿਸ਼ਨ ਵਲੋਂ ਮਾਮਲੇ ਵਿਚ ਧਿਆਨ ਲੈਂਦਿਆਂ ਨੋਟਿਸ ਜਾਰੀ ਕਰ ਦਿੱਤਾ ਹੈ । ਜਿਕਰਯੋਗ ਹੈ ਕਿ ਇਹ ਮਾਮਲਾ ਸਰਨਾ ਪਾਰਟੀ ਵਲੋਂ ਜਿੱਤੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਮੌਂਟੀ ਨੇ ਘੱਟ ਗਿਣਤੀ ਕਮਿਸ਼ਨ ਨੂੰ ਪੱਤਰ ਲਿਖ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਦਿੱਲੀ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਅੰਦਰ ਬੈਲੇਂਟ ਪੇਪਰਾਂ ਤੇ ਪੰਜਾਬੀ ਭਾਸ਼ਾ ਜੋ ਕਿ ਦਿੱਲੀ ਦੀ ਦੂਜੀ ਮਾਨਤਾ ਪ੍ਰਾਪਤ ਭਾਸ਼ਾ ਹੈ, ਦੀ ਵਰਤੋਂ ਨਾ ਕਰਕੇ ਵਿਤਕਰਾ ਕੀਤਾ ਗਿਆ ਹੈ । ਜਿਸ ਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਏ ਪੀ ਐਸ ਬਿੰਦਰਾ ਅਤੇ ਹੋਰ ਮੈਂਬਰਾਂ ਨੇ ਘੱਟ ਗਿਣਤੀ ਕਮਿਸ਼ਨ ਦੀ ਧਾਰਾ 10(ਐਚ) ਅੱਧੀਨ ਨੋਟਿਸ ਜਾਰੀ ਕਰਕੇ ਚੋਣ ਡਾਇਰੈਕਟਰ (ਕਾਨੂੰਨ) ਅਤੇ ਰਾਜ ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਕੀਤੀ ਗਈ ਕੁਤਾਹੀ ਦਾ ਜੁਆਬ 23 ਦਸੰਬਰ ਜਾ ਓਸ ਤੋਂ ਪਹਿਲਾਂ ਦੇਣ ਲਈ ਕਿਹਾ ਹੈ । ਬਿੰਦਰਾ ਜੀ ਨਾਲ ਕੀਤੀ ਗੱਲਬਾਤ ਮੁਤਾਬਿਕ ਉਨ੍ਹਾਂ ਕਿਹਾ ਕਿ ਪੰਜਾਬੀ ਨਾਲ ਕੀਤਾ ਗਿਆ ਵਿਤਕਰਾ ਨਾ ਸਹਿਣਯੋਗ ਹੈ ਜ਼ੇਕਰ ਉਨ੍ਹਾਂ ਵਲੋਂ ਦਿੱਤੇ ਗਏ ਸਮੇਂ ਤਕ ਜੁਆਬ ਨਹੀਂ ਆਂਦਾ ਤਾਂ ਅਸੀ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਾਂਗੇ ਜਿਸ ਨਾਲ ਦਿੱਲੀ ਅੰਦਰ ਅਗਾਂਹ ਹੋਣ ਵਾਲੀਆਂ ਚੋਣਾਂ ਵਿਚ ਪੰਜਾਬੀ ਭਾਸ਼ਾ ਨਾਲ ਕਿਸੇ ਵੀਂ ਤਰ੍ਹਾਂ ਦਾ ਵਿਤਕਰਾ ਨਾ ਹੋ ਸਕੇ । ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਿੰਦਰਾ ਜੀ ਦੇ ਅਤਿ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮਾਮਲੇ ਵਿਚ ਆਪਣੀ ਦਿਲਚਸਪੀ ਜ਼ਾਹਿਰ ਕਰਦਿਆਂ ਤੁਰੰਤ ਕਾਰਵਾਈ ਕਰਣੀ ਸ਼ੁਰੂ ਕਰ ਦਿੱਤੀ ਹੈ ।

 

Leave a Reply

Your email address will not be published. Required fields are marked *