Sat. Mar 2nd, 2024


ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੋਂ ਇਲਾਵਾ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਦੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਗੁਰਮਤਿ ਸਮਾਗਮ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਹੋਇਆ ਜਦੋਂ ਕਿ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨ ਅੰਦਰ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ।
ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਮੁੱਖ ਗੁਰਮਤਿ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਸਿੱਖ ਇਤਿਹਾਸ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਦੁਨੀਆ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਜਦੋਂ ਇਕ ਗੁਰੂ ਨੇ ਆਪਣੇ ਪੰਥ ਵਾਸਤੇ ਆਪਣਾ ਸਰਬੰਸ ਵਾਰਿਆ ਹੋਵੇ।
ਉਹਨਾਂ ਕਿਹਾ ਕਿ ਅੱਜ ਸਾਨੂੰ ਅਜੋਕੀ ਤੇ ਨਵੀਂ ਪੀੜੀ ਨੁੰ ਦੱਸਣ ਦੀ ਜ਼ਰੂਰਤ ਹੈ ਕਿ ਸਾਡਾ ਇਤਿਹਾਸ ਕੀ ਹੈ, ਖਾਲਸਾ ਨੁੰ ਗੁਰੂ ਸਾਹਿਬ ਨੇ ਕਿਵੇਂ ਤਿਆਰ ਕੀਤਾ ? ਗੁਰੂ ਸਾਹਿਬ ਦਾ ਮੰਤਵ ਕੀ ਸੀ ਤੇ ਮਕਸਦ ਕੀ ਸੀ ? ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸ਼ੁਰੂਆਤ ਖੰਡੇ ਬਾਟੇ ਦੇ ਪਾਹੁਲ ਨਾਲ ਕੀਤੀ, ਇਹ ਸਭ ਪਹਿਲੁ ਅਜੋਕੀ ਤੇ ਨਵੀਂ ਪੀੜ੍ਹੀ ਨੁੰ ਦੱਸਣ ਦੀ ਬਹੁਤ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ ਦੁਨੀਆਂ ਦੀ ਇਕਲੌਤੀ ਕੌਮ ਹੈ ਜਿਸਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਅਸੀਂ ਜੇਕਰ ਸ਼ਹੀਦਾਂ ਦੀ ਸੂਚੀ ਬਣਾਉਣ ਲੱਗੀਏ ਤਾਂ ਕਦੇ ਮੁੱਕ ਨਹੀਂ ਸਕਦੀ ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਵੇ ਜਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਜਾਂ ਹੋਰਨਾਂ ਦੀ।
ਉਹਨਾਂ ਕਿਹਾ ਕਿ ਸਾਡਾ ਜੀਵਨ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਅਸੀਂ ਆਪਣੀ ਭਵਿੱਖੀ ਪੀੜ੍ਹੀ ਨੁੰ ਆਪਣੇ ਸੁਨਹਿਰੀ ਇਤਿਹਾਸ ਤੋਂ ਜਾਣੂ ਕਰਵਾ ਸਕੀਏ।

 

Leave a Reply

Your email address will not be published. Required fields are marked *