ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਦਾ ਇਤਿਹਾਸ 50 ਸਾਲ ਦਾ ਰਿਹਾ ਹੈ ਪਰ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਮੌਜੂਦਾ ਟੀਮ ਨੇ ਜੋ ਕੰਮ ਕੀਤਾ ਹੈ, ਉਸ ਸਦਕਾ ਦੁਨੀਆਂ ਪਰ ਵਿਚ ਸਿੱਖਾਂ ਦਾ ਪਰਚਮ ਸਭ ਤੋਂ ਉੱਚਾ ਝੁਲਾਇਆ ਹੈ ਤੇ ਸਿੱਖਾਂ ਦਾ ਮਾਣ ਸਭ ਤੋਂ ਉੱਚਾ ਕੀਤਾ ਹੈ।
ਚੋਣ ਮੁਹਿੰਮ ਦੌਰਾਨ ਵੱਖ ਵੱਖ ਇਲਾਕਿਆਂ ਵਿਚ ਲਾਮਿਸਾਲ ਜਨਤਕ ਇਕੱਠਾਂ ਨੁੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਅੱਜ ਸੰਗਤ ਦੇ ਆਸ਼ੀਰਵਾਦ ਤੇ ਗੁਰੂ ਸਾਹਿਬ ਦੀ ਰਹਿਮਤ ਸਦਕਾ ਮੌਜੂਦਾ ਟੀਮ ਵੱਲੋਂ ਕੀਤੇ ਕੰਮ ਦੀ ਬਦੌਲਤ ਅੱਜ ਸਿੱਖਾਂ ਨੁੰ ਪ੍ਰਸ਼ਾਸਨ ਤੰਗ ਪ੍ਰੇਸ਼ਾਨ ਕਰਨ ਤੋਂ ਘਬਰਾਉਂਦਾ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਭਾਵੇਂ ਦੇਸ਼ ਹੋਵੇ ਜਾਂ ਵਿਦੇਸ਼ ਦਿੱਲੀ ਕਮੇਟੀ ਦੀ ਟੀਮ ਨੇ ਤੁਰੰਤ ਪਹੁੰਚ ਜਾਣਾ ਹੈ। ਉਹਨਾਂ ਕਿਹਾ ਕਿ ਇਹ ਸਾਰੀਆਂ ਪ੍ਰਾਪਤੀਆਂ ਸਿਰਫ ਤੇ ਸਿਫਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਸੰਗਤ ਦੇ ਵੱਡਮੁੱਲੇ ਸਹਿਯੋਗ ਸਦਕਾ ਹਾਸਲ ਹੋਈਆਂ ਹਨ।
ਉਹਨਾਂ ਕਿਹਾ ਕਿ ਸਾਡਾ ਟੀਚਾ ਸਿਰਫ ਤੇ ਸਿਰਫ ਹਾਂ ਪੱਖੀ ਕੰਮ ਕਰਨਾ ਹੈ ਤੇ ਇਹੀ ਅਸੀਂ ਦੋ ਸਾਲਾਂ ਵਿਚ ਕੀਤਾ ਹੈ। ਉਹਨਾਂ ਕਿਹਾ ਕਿ ਕੋਰੋਨਾ ਕਾਲ ਵਿਚ ਸੇਵਾ ਤੋਂ ਲੈ ਕੇ ਬਾਲਾ ਪ੍ਰੀਤਮ ਦਵਾਖਾਨੇ, ਸਿਰਫ 50 ਰੁਪਏ ਵਿਚ ਐਮ ਆਰਈ ਤੇ ਸੀ ਟੀ ਸਕੈਨ, 400 ਬੈਡਾਂ ਦਾ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਤੇ ਹੁਣ ਸਿਰਫ 60 ਦਿਨਾਂ ਵਿਚ 125 ਬੈਡਾਂ ਦਾ ਹਸਪਤਾਲ ਸੰਗਤ ਦੇ ਸਹਿਯੋਗ ਸਦਕਾ ਹੀ ਤਿਆਰ ਹੋਇਆ ਹੈ।
ਉਹਨਾਂ ਕਿਹਾ ਕਿ ਇਕ ਪਾਸੇ ਦੋ ਸਾਲਾਂ ਦੀਆਂ ਕੋਰੋਨਾ ਕਾਲ ਦੇ ਸੰਕਟ ਵਿਚੋਂ ਲੰਘਦਿਆਂ ਦੀਆਂ ਪ੍ਰਾਪਤੀਆਂ ਹਨ ਤੇ ਦੂਜੇ ਪਾਸੇ 12 ਸਾਲ ਤੇ 6 ਸਾਲ ਪ੍ਰਧਾਨ ਰਹਿਣ ਵਾਲਿਆਂ ਦਾ ਕਾਰਜਕਾਲ ਹੈ ਜਿਹਨਾਂ ਨੇ ਕਦੇ ਕੌਮ ਦੀ ਭਲਾਈ ਤੇ ਬੇਹਤਰੀ ਵਾਸਤੇ ਨਹੀਂ ਸੋਚਿਆ।
ਇਸ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਿਥੇ ਅਸੀਂ ਹਾਂ ਪੱਖੀ ਕੰਮ ਕੀਤਾ ਹੈ, ਉਥੇ ਹੀ ਸਾਡੇ ਵਿਰੋਧੀ ਸਿਰਫ ਕੂੜ ਪ੍ਰਚਾਰ ਦੇ ਸਹਾਰੇ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ 400 ਬੈਡ ਦੇ ਕੋਰੋਨਾ ਕੇਅਰ ਸੈਂਟਰ ਦਾ ਵਿਰੋਧ ਕੀਤਾ ਤੇ ਫਿਰ 125 ਬੈਡਾਂ ਦੇ ਹਸਪਤਾਲ ਦਾ ਵਿਰੋਧ ਕੀਤਾ ਤੇ ਕੋਰੋਨਾ ਪੀੜਤਾਂ ਦੀ ਮਦਦ ਦੇ ਖਿਲਾਫ ਅਦਾਲਤ ਤੋਂ ਸਟੇਅ ਲਿਆਂਦੀ। ਉਹਨਾਂ ਕਿਹਾ ਕਿ ਸਾਡਾ ਇਹ ਮੰਨਣਾ ਹੈ ਕਿ ਵਿਰੋਧੀ ਭਾਵੇਂ ਜਿੰਨਾ ਮਰਜ਼ੀ ਕੂੜ ਪ੍ਰਚਾਰ ਕਰਦੇ ਰਹਿਣ, ਸੰਗਤ ਸਭ ਵੇਖ ਰਹੀ ਹੈ ਤੇ ਇਸਦਾ ਜਵਾਬ 22 ਅਗਸਤ ਨੁੰ ਦੇਵੇਗੀ ਜਿਸਦੀ ਆਵਾਜ਼ 25 ਅਗਸਤ ਨੁੰ ਸੁਣਾਈ ਦੇਵੇਗੀ।