Sat. Dec 2nd, 2023


ਚੰਡੀਗੜ੍ਹ- ਨਾਇਬ ਸਿੰਘ ਸੈਣੀ ਸੋਮਵਾਰ ਨੂੰ ਰਸਮੀ ਤੌਰ ‘ਤੇ ਹਰਿਆਣਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਅਹੁਦਾ ਸੰਭਾਲਣਗੇ। ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ, ਭਾਜਪਾ ਦੇ ਨਵ-ਨਿਯੁਕਤ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜ, ਸੂਬਾ ਇੰਚਾਰਜ ਬਿਪਲਬ ਕੁਮਾਰ ਦੇਬ, ਰਾਜ ਮੰਤਰੀ, ਸੰਸਦ ਮੈਂਬਰ, ਵਿਧਾਇਕ ਅਤੇ ਅਧਿਕਾਰੀ ਵੀ ਨਵ-ਨਿਯੁਕਤ ਸੂਬਾ ਪ੍ਰਧਾਨ ਦੇ ਅਹੁਦਾ ਸੰਭਾਲਣ ਦੇ ਸਮਾਗਮ ਵਿੱਚ ਸ਼ਾਮਲ ਹੋਣਗੇ। ਰੋਹਤਕ ਦੇ ਸੂਬਾ ਦਫ਼ਤਰ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਨਵ-ਨਿਯੁਕਤ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਖੜ ਦਾ ਵੀ ਸਵਾਗਤ ਕੀਤਾ ਜਾਵੇਗਾ।
ਭਾਜਪਾ ਹਰਿਆਣਾ ਦੇ ਸੂਬਾ ਕਮ ਮੀਡੀਆ ਮੁਖੀ ਸ਼ਮਸ਼ੇਰ ਸਿੰਘ ਖੜਕ ਨੇ ਦੱਸਿਆ ਕਿ ਸੂਬਾ ਭਾਜਪਾ ਦਫ਼ਤਰ ਰੋਹਤਕ ਵਿਖੇ ਚਾਰਜ ਸੰਭਾਲਣ ਦੀ ਰਸਮ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਸੂਬਾ ਪ੍ਰਧਾਨ ਦੇ ਸਵਾਗਤ ਲਈ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਪਾਰਟੀ ਦਫ਼ਤਰ ਪੁੱਜਣ ’ਤੇ ਵਰਕਰਾਂ ਵੱਲੋਂ ਨਵ-ਨਿਯੁਕਤ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਇਬ ਸਿੰਘ ਸੈਣੀ ਨੂੰ 27 ਅਕਤੂਬਰ 2023 ਨੂੰ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ (ਜੇਪੀ) ਨੱਡਾ ਨੇ ਭਾਜਪਾ ਹਰਿਆਣਾ ਰਾਜ ਦਾ ਪ੍ਰਧਾਨ ਨਿਯੁਕਤ ਕੀਤਾ ਸੀ।
ਸ਼ਮਸ਼ੇਰ ਸਿੰਘ ਖੜਕ ਅਨੁਸਾਰ ਇਹ ਪ੍ਰੋਗਰਾਮ ਸੋਮਵਾਰ ਸਵੇਰੇ 10 ਵਜੇ ਪਾਰਟੀ ਦਫ਼ਤਰ ਵਿੱਚ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਸੂਬਾ ਜਨਰਲ ਸਕੱਤਰ ਡਾ: ਪਵਨ ਸੈਣੀ, ਸੂਬਾ ਜਨਰਲ ਸਕੱਤਰ ਤੇ ਵਿਧਾਇਕ ਮੋਹਨ ਲਾਲ ਬਰੌਲੀ, ਜ਼ਿਲ੍ਹਾ ਪ੍ਰਧਾਨ ਰਣਬੀਰ ਢਾਕਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਭਾਟੀਆ, ਅਜੇ ਬਾਂਸਲ, ਮੇਅਰ ਮਨਮੋਹਨ ਗੋਇਲ ਸਮੇਤ ਹੋਰ ਸੀਨੀਅਰ ਆਗੂਆਂ ਤੇ ਅਧਿਕਾਰੀਆਂ ਨੇ ਤਿਆਰੀਆਂ ਦਾ ਜਾਇਜ਼ਾ ਲਿਆ | ਸ੍ਰੀ ਖੜਕ ਨੇ ਕਿਹਾ ਕਿ ਭਾਜਪਾ ਵਰਕਰਾਂ ਦੀ ਪਾਰਟੀ ਹੈ। ਭਾਜਪਾ ਵਰਕਰ ਲਈ ਪਹਿਲਾਂ ਦੇਸ਼ ਹੈ, ਫਿਰ ਪਾਰਟੀ। ਭਾਜਪਾ ਦੀ ਖ਼ੂਬਸੂਰਤੀ ਇਹ ਹੈ ਕਿ ਇੱਥੇ ਛੋਟਾ ਜਿਹਾ ਵਰਕਰ ਵੀ ਸੂਬਾ ਪ੍ਰਧਾਨ, ਰਾਸ਼ਟਰੀ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਬਣ ਸਕਦਾ ਹੈ।

 


Courtesy: kaumimarg

Leave a Reply

Your email address will not be published. Required fields are marked *