ਨਵੀਂ ਦਿੱਲੀ: ਪੰਜਾਬ ਦੇ ਜਿਲ੍ਹਾ ਮਲੋਟ ਦੇ ਨੇੜਲੇ ਪਿੰਡਈਨਾ ਖੇੜਾ ਵਿਖੇ ਇਕ ਨੌਜਵਾਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦਵਾਰਾ ਸਾਹਿਬ ਤੋਂ ਚੁੱਕ ਕੇ ਕੀਤੀ ਗਈ ਬੇਅਦਬੀ ਦੀ ਸ਼ਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਹੋਇਆਂ ਮਨੁੱਖਤਾ ਭਲਾਈ ਮਿਸ਼ਨ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਸ. ਪਰਮਜੀਤ ਸਿੰਘ ਬਜਾਜ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਆਏ ਦਿਨ ਪੰਜਾਬ ਅੰਦਰ ਵਾਪਰ ਰਹੀਆਂ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਅਤਿ ਮੰਦਭਾਗੀਆਂ ਅਤੇ ਅਤੀ ਨਿੰਦਣਯੋਗ ਘਟਨਾਵਾਂ ਹਨ।ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਰਕਾਰ `ਤੇ ਸਵਾਲ ਚੁਕਦਿਆਂ ਕਿਹਾ ਕਿ ਪੰਜਾਬ ਅੰਦਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਸਰਕਾਰ ਖ਼ਾਮੋਸ਼ ਹੋ ਕੇ ਬੈਠੀ ਹੋਈ ਅਤੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ।ਸ. ਪਰਮਜੀਤ ਸਿੰਘ ਬਜਾਜ ਨੇ ਗੁਰਦਵਾਰਾ ਸਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਅਹੁਦੇਦਾਰਾਂ ਨੂੰ ਵੀ ਸੁਚੇਤ ਰੂਪ ਵਿੱਚ ਸੇਵਾ ਸੰਭਾਲ ਯਕੀਨੀ ਬਣਾਉਣ ਲਈ ਅਪੀਲ ਕਰਦਿਆਂ ਹੋਇਆ ਕਿਹਾ ਕਿ ਗੁਰਦੂਆਰਾ ਸਾਹਿਬਾਨ ਅੰਦਰ ਪਹਿਰੇਦਾਰੀ ਲਈ ਸਹਿਯੋਗ ਕਰਨ।ਸ. ਪਰਮਜੀਤ ਸਿੰਘ ਬਜਾਜ ਨੇ ਕਿਹਾ ਕਿ ਉਪਰੋਕਤ ਵਾਪਰੀ ਇਸ ਘਟਨਾ ਦੀ ਤਹਿ ਤੱਕ ਜਾ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦਿੱਤੀਆਂ ਜਾਣ, ਤਾਂ ਜੋ ਭਵਿੱਖ ਵਿੱਚ ਕੋਈ ਵੀ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਜ਼ਾਰਾਂ ਵਾਰ ਸੋਚੇ।