Sat. Dec 2nd, 2023


ਨਵੀਂ ਦਿੱਲੀ- ਜੰਤਰ ਮੰਤਰ ਤੇ ਪਿਛਲੇ ਵੀਹ ਦਿਨਾਂ ਤੋਂ ਸੰਘਰਸ਼ ਕਰ ਰਹੇ ਪਹਿਲਵਾਨਾਂ ਦੇ ਘੋਲ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ ਸੈਂਕੜੇ ਔਰਤਾਂ ਅਤੇ ਮਰਦਾਂ ਦੇ ਕਾਫਲੇ ਉਹਨਾਂ ਨੂੰ ਹਮਾਇਤ ਦੇਣ ਲਈ ਜੰਤਰ ਮੰਤਰ ਤੇ ਪਹੁੰਚ ਗਏ।
ਜਥੇਬੰਦੀ ਦੇ ਔਰਤ ਵਿੰਗ ਦੀ ਆਗੂ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਕੱਲ੍ਹ ਹੀ ਦਿੱਲੀ ਪਹੁੰਚ ਗਈਆਂ ਸਨ। ਰਾਤ ਨੂੰ ਉਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਰਕਾਬਗੰਜ ਸਾਹਿਬ ਵਿਖੇ ਠਹਿਰਾਓ ਕੀਤਾ। ਉਹਨਾਂ ਦੇ ਬਾਕੀ ਸਾਥੀ ਸਵੇਰੇ ਪੰਜ ਵਜੇ ਪੰਜਾਬ ਮੇਲ਼ ਤੇ ਦਿੱਲੀ ਪਹੁੰਚੇ।
ਸਵੇਰੇ ਸਹੀ ਦਸ ਵਜੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਨਾਹਰੇ ਮਾਰਦਾ ਹੋਇਆ ਇਹ ਕਾਫਲਾ ਜੰਤਰ ਮੰਤਰ ਲਈ ਰਵਾਨਾ ਹੋਇਆ। ਔਰਤਾਂ ਨੇ ਅੱਗੇ ਲੱਗ ਕੇ ਅਗਵਾਈ ਕੀਤੀ। ਹੱਥਾਂ ਵਿੱਚ ਜਥੇਬੰਦੀ ਦੇ ਝੰਡੇ ਅਤੇ ਸਿਰਾਂ ਤੇ ਹਰੀਆਂ ਚੁੰਨੀਆਂ ਲੈ ਕੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਨਾਹਰੇ ਮਾਰਦੀਆਂ ਇਹ ਔਰਤਾਂ ਜ਼ਬਰ ਦੇ ਖਿਲਾਫ ਲੜਨ ਲਈ ਚੰਡੀ ਦਾ ਰੂਪ ਨਜ਼ਰ ਆ ਰਹੀਆਂ ਸਨ।
ਜਥੇਬੰਦੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਜ਼ਿਲ੍ਹਾ ਮੁਕਤਸਰ ਦੇ ਸਕੱਤਰ ਗੁਰਦੀਪ ਸਿੰਘ ਖੁੱਡੀਆਂ, ਮੁਹਾਲੀ ਤੋਂ ਜਿਲਾ ਕਨਵੀਨਰ ਪ੍ਰਦੀਪ ਮਿੱਤਲ ਅਤੇ ਔਰਤ ਵਿੰਗ ਦੀ ਆਗੂ ਅੰਮ੍ਰਿਤਪਾਲ ਕੌਰ ਨੇ ਸੰਬੋਧਨ ਕੀਤਾ।
ਸਾਰੇ ਬੁਲਾਰਿਆਂ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੂੰ ਹੁਣ ਤੱਕ ਗਿਰਫ਼ਤਾਰ ਨਾ ਕਰਨ ਲਈ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਨੇ ਕਿਹਾ ਕਿ ਸੱਤ ਪਹਿਲਵਾਨ ਕੁੜੀਆਂ ਦੀ ਰਿਪੋਰਟ ਲਿਖਵਾਈ ਨੂੰ ਮਹੀਨਾ ਹੋਣ ਵਾਲਾ ਹੈ, ਪਰ ਹਾਲੇ ਤੱਕ ਸਾਰੀਆਂ ਕੁੜੀਆਂ ਦੇ ਮੈਜਿਸਟ੍ਰੇਟ ਸਾਹਮਣੇ ਬਿਆਨ ਵੀ ਦਰਜ ਨਹੀਂ ਕੀਤੇ ਗਏ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਦਿੱਲੀ ਪੁਲੀਸ ਸਰਕਾਰ ਦੇ ਦਬਾਅ ਹੇਠ ਉਸ ਨੂੰ ਗਿਰਫ਼ਤਾਰ ਕਰਨ ਤੋਂ ਟਾਲ਼ਾ ਵੱਟ ਰਹੀ ਹੈ।
ਆਗੂਆਂ ਨੇ ਕਿਹਾ ਕਿ ਸਰਕਾਰ ਸੰਯੁਕਤ ਕਿਸਾਨ ਮੋਰਚੇ ਦਾ ਸੰਘਰਸ਼ ਯਾਦ ਕਰ ਲਵੇ। ਲੋਕਾਂ ਅਤੇ ਪਹਿਲਵਾਨਾਂ ਦੇ ਦ੍ਰਿੜ ਸੰਘਰਸ਼ ਅੱਗੇ ਝੁਕਣਾ ਹੀ ਪੈਣਾ ਹੈ।
ਜਥੇਬੰਦੀ ਦੇ ਆਗੂਆਂ ਨੇ ਪਹਿਲਵਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਆਪਣੀ ਜਥੇਬੰਦੀ ਵੱਲੋਂ ਹਮਾਇਤ ਜਾਰੀ ਰੱਖਣਗੇ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮਾਂ ਵਿੱਚ ਵੀ ਵੱਧ ਚੜ੍ਹ ਕੇ ਸ਼ਾਮਲ ਹੋਣਗੇ।

 

Leave a Reply

Your email address will not be published. Required fields are marked *