ਨਵੀਂ ਦਿੱਲੀ -ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਹੋ ਰਹੀਆਂ ਚੋਣਾਂ ਸਮੇਂ ਅੱਜ ਦਿੱਲ੍ਹੀ ਦੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ – ਕੋਟਕਪੂਰਾ ਗੋਲੀ ਕਾਂਡ ਦੀ ਦੋਸ਼ੀ ਪਾਰਟੀ ਅਕਾਲੀ ਦਲ ਬਾਦਲ ਨੂੰ ਗੁਰੂਘਰਾਂ ਦੇ ਪ੍ਰਬੰਧ ਵਿੱਚੋ ਬਾਹਰ ਕਰਨ ਲਈ ਪੰਥ ਦੇ ਉਘੇ ਪਰਚਾਰਕ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਚਸ਼ਮਦੀਦ, ਭਾਈ ਹਰਜਿੰਦਰ ਸਿੰਘ ਮਾਝੀ (ਮੁਖੀ ਦਰਬਾਰ ਏ ਖਾਲਸਾ) ਅਤੇ ਭਾਈ ਹਰਜੀਤ ਸਿੰਘ ਢਪਾਲੀ ਨੇ ਪ੍ਰੈੱਸ ਕਾਨਫਰੰਸ ਰਾਹੀ ਬੇਨਤੀ ਕੀਤੀ।ਓਹਨਾ ਨੇ ਪ੍ਰੈਸ ਵਿੱਚ 2007 ਤੋ ਲੈਕੇ 2015 ਤੱਕ ਹੋਈ ਬੇਅਦਬੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਬਾਦਲ ਦਲ ਵਲੋ ਕੀਤੇ ਕਹਿਰ ਦਾ ਖੁਲਾਸਾ ਸਬੂਤਾਂ ਅਤੇ ਤੱਥਾਂ ਸਮੇਤ ਕੀਤਾ, ਓਹਨਾ ਕਿਹਾ ਕਿ ਖਾਲਸਾ ਪੰਥ ਦਸ਼ਮੇਸ਼ ਗੁਰੂ ਜੀ ਨੂੰ ਆਪਣਾ ਪਿਤਾ ਮੰਨਦਾ ਹੋਇਆ ਮਾਣ ਮਹਿਸੂਸ ਕਰਦਾ ਹੈ ਜਦਕਿ ਬਾਦਲ ਦਲ ਨੇ ਡੇਰਾ ਸਿਰਸਾ ਦੇ ਮੁੱਖੀ ਨੂੰ ਆਪਣਾ ਪਿਤਾ ਬਣਾਇਆ ਹੋਇਆ ਹੈ ਅਤੇ ਇਸੇ ਡੇਰਾ ਸਿਰਸਾ ਮੁਖੀ ਦੀਆਂ ਖੁਸ਼ੀਆਂ ਲੈਣ ਲਈ ਇਹਨਾਂ ਪਾਪੀਆਂ ਨਾਲ ਰਲਕੇ ਬਾਦਲਾਂ ਨੇ ਹਮੇਸ਼ਾ ਹੀ ਗੁਰੂ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਰੋਲਣ ਵਾਲੇ ਹੀ ਕੰਮ ਕੀਤੇ ਹਨ।
ਓਹਨਾ ਪ੍ਰੈਸ ਕਾਨਫਰੰਸ ਦੌਰਾਨ ਸ੍ਰੋਮਣੀ ਕਮੇਟੀ ਵੱਲੋ ਸੰਗਤ ਦੇ ਦਸਵੰਧ ਦੀ ਮਾਇਆ ਮੀਰੀ ਪੀਰੀ ਟਰੱਸਟ ਸਾਹਬਾਦ ਮਾਰਕੰਡੇ ਟਰੱਸਟ ਰਾਹੀ ਕਰੋੜਾਂ ਰੁਪਏ ਬਾਦਲਾਂ ਦੇ ਪਰਿਵਾਰ ਨੂੰ ਦੇ ਰਹੀ ਹੈ ਜਦਕਿ ਕਿੰਨੇ ਹੀ ਗਰੀਬ ਸਿੱਖ ਮੁਢਲੀਆਂ ਲੋੜਾਂ ਤੋ ਮੁਥਾਜ ਹਨ, ਪੰਥ ਦੋਖੀ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅਕਾਲ ਤਖਤ ਸਾਹਿਬ ਤੋ ਬਾਦਲਾਂ ਦੇ ਕਹਿਣ ਤੇ ਹੀ ਜਥੇਦਾਰਾਂ ਨੇ ਬਿਨਾਂ ਮੰਗੀ ਮੁਆਫੀ ਦਿੱਤੀ ਅਤੇ ਫਿਰ ਇਸ ਮੁਆਫੀ ਨੂੰ ਸੰਸਾਰ ਭਰ ਵਿੱਚ ਪ੍ਰਚਾਰਨ ਲਈ ਗੁਰੂ ਦੀ ਗੋਲਕ ਵਿਚੋਂ 92 ਲੱਖ ਦੇ ਅਖਬਾਰੀ ਇਸਤਿਹਾਰ ਦਿੱਤੇ ਗਏ!
ਓਹਨਾ ਨੇ ਕਿਹਾ ਕਿ ਬਾਦਲ ਦਲ ਦੇ ਪ੍ਰਬੰਧ ਵਾਲੀ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਛਪੇ 328 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਕਿੱਥੇ ਖੁਰਦ ਬੁਰਦ ਕੀਤਾ ਗਿਆ ਹੈ ਇਸ ਬਾਰੇ ਬਾਦਲ ਦਲੀਆ ਨੂੰ ਸ਼ਪੱਸ਼ਟ ਕਰਨਾ ਚਾਹੀਦਾ ਹੈ ।ਓਹਨਾ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਇੱਕ ਪਾਸੇ ਬਾਦਲ ਦਲ ਵੱਲੋ ਚੋਣਾਂ ਲੜ ਰਿਹਾ ਹੈ, ਦੂਜੇ ਪਾਸੇ ਆਪਣੇ ਇਸਤਿਹਾਰਾਂ ਵਿੱਚ ਬਾਦਲਾਂ ਦਾ ਜਿਕਰ ਵੀ ਨਾ ਕਰਕੇ ਦਿੱਲੀ ਦੀ ਸਿੱਖ ਸੰਗਤ ਦੇ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕਰ ਰਿਹਾ ਹੈ। ਭਾਈ ਮਾਝੀ ਅਤੇ ਭਾਈ ਢਪਾਲੀ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਬੀ ਬੇਨਤੀ ਕੀਤੀ ਕਿ ਸਿੱਖ ਕੌਮ ਦੀਆਂ ਸਤਿਕਾਰਤ ਸੰਸਥਾਵਾਂ ਉਤੇ ਕਾਬਜ਼ ਬਾਦਲ ਦਲ ਨੂੰ ਲਾਭੇ ਕਰਨ ਦੀ ਸੁਰੂਆਤ ਦਿੱਲੀ ਤੋ ਕਰਕੇ ਗੁਰੂਘਰ ਦੀਆਂ ਖੁਸੀਆਂ ਪ੍ਰਾਪਤ ਕਰਨ ।