Sat. Mar 2nd, 2024


ਨਵੀਂ ਦਿੱਲੀ -ਬਰਮਿੰਘਮ ਦੇ ਭਾਰਤੀ ਸਫ਼ਾਰਤਖ਼ਾਨੇ ਵਲੋਂ ਯੂਕੇ ਦੀ ਜਥੇਬੰਦੀ ਬ੍ਰਿਟਿਸ਼ ਸਿੱਖ ਕੌਂਸਲ ਦੇ ਮੁਖੀ ਭਾਈ ਤਰਸੇਮ ਸਿੰਘ ਦਿਓਲ ਦਾ 5 ਸਾਲਾ ਈ- ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਸਿੱਖ ਕੌਂਸਲ ਯੂਕੇ ਦੇ ਮੁੱਖ ਸੇਵਾਦਾਰ ਤਰਸੇਮ ਸਿੰਘ ਦਿਉਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਉਨ੍ਹਾਂ ਦਾ ਈ-ਵੀਜ਼ਾ ਰੱਦ ਕਰਕੇ ਸਿੱਖ ਪੰਥ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਜਿਕਰਯੋਗ ਹੈ ਕਿ ਤਰਸੇਮ ਸਿੰਘ ਦਿਉਲ ਭਾਰਤ ਵਿੱਚ ਸਿੱਖ ਕੋਮ ਵੱਲੋਂ ਵਿਸਰ ਚੁੱਕੇ ਸਿਕਲੀਗਰ ਵਣਜਾਰਾ, ਰਵਿਦਾਸ ਸਿੱਖਾਂ ਲਈ ਪਿਛਲੇ 25 ਸਾਲਾਂ ਤੋਂ ਪੰਥਕ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਰਹਿਣ ਸਹਿਣ ਪੜਨ ਦੇ ਇੰਤਜ਼ਾਮ ਦੇ ਨਾਲ ਹਰੇਕ ਪਿੰਡ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਗੁਰਦਵਾਰਾ ਸਾਹਿਬ ਬਣਾ ਕੇ ਦਿੱਤੇ ਗਏ ਹਨ ਅਤੇ ਕਪੂਰਥਲਾ ਵਿੱਚ ਟਰੱਸਟ ਅਧੀਨ ਬ੍ਰਿਟਿਸ਼ ਸਿੱਖ ਸਕੂਲ ਚਲਾ ਰਹੇ ਹਨ।
ਸ. ਦਿਉਲ ਨੇ ਕਿਹਾ ਕਿ ਪੰਜਾਬ ਵਿੱਚ ਖੂਫੀਆ ਏਜੰਸੀਆਂ ਦੇ ਉੱਚ ਅਧਿਕਾਰੀ ਕਿਸਾਨ ਮੋਰਚੇ ਵਿੱਚ ਬ੍ਰਿਟਿਸ਼ ਸਿੱਖ ਕੌਂਸਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 5 ਕਰੋੜ ਰੁਪਏ ਖ਼ਰਚਣ ‘ਤੇ ਲਗਾਤਾਰ ਇਤਰਾਜ ਕਰ ਰਹੇ ਸਨ ਅਤੇ ਉਨ੍ਹਾਂ ਵਲੋਂ ਪੰਜਾਬ ਤੇ ਭਾਰਤ ਵਿੱਚ ਕੀਤੇ ਜਾ ਰਹੇ ਸਿੱਖੀਂ ਪ੍ਰਚਾਰ ਨੂੰ ਮੁਕੰਮਲ ਰੋਕਣ ਦਾ ਦਬਾਅ ਬਣਾਇਆ ਗਿਆ । ਜਿਕਰਯੋਗ ਹੈ ਕਿ ਬੀਤੇ ਦਿਨੀਂ ਸੀਆਰਪੀਐਫ ਅਤੇ ਇੰਨਕਮ ਟੈਕਸ ਮਹਿਕਮੇ ਦੇ  ਉਚ ਅਧਿਕਾਰੀਆਂ ਨੇ ਬ੍ਰਿਟਿਸ਼ ਸਿੱਖ ਸਕੂਲ ਦਾ  ਰਿਕਾਰਡ ਚੈੱਕ ਕੀਤਾ, ਜਿੱਥੇ ਕੋਈ ਇਤਰਾਜ਼ ਯੋਗ ਸਮਾਨ ਨਹੀਂ ਮਿਲਿਆ । 25 ਸਾਲਾਂ ਤੋਂ ਲਗਾਤਾਰ ਪੰਜਾਬ ਭਾਰਤ ਜਾ ਕੇ ਕਰੋੜਾਂ ਰੁਪਏ ਖ਼ਰਚਣ ਵਾਲੇ ਸ਼ਖ਼ਸ ਨੂੰ ਮਾਤ ਭੂਮੀ ਤੋਂ ਦੂਰ ਕਰਨਾ ਕਿੱਥੋਂ ਤੱਕ ਸਹੀ ਹੋਵੇਗਾ ਜਦੋਂ ਕਿ ਭਾਰਤ ਸਰਕਾਰ ਵੱਲੋਂ ਵਿਦੇਸ਼ੀ ਧਰਤੀ ਤੋਂ ਦਰਜਨਾਂ ਸਿੱਖ ਆਗੂਆਂ ਨੂੰ ਮੁੱਖ ਧਾਰਾ ਵਿੱਚ ਸਾਮਿਲ ਕੀਤਾ ਗਿਆ ਹੈ ।
ਤਰਸੇਮ ਸਿੰਘ ਨੂੰ ਬਰਮਿੰਘਮ ਸਥਿਤ ਭਾਰਤੀ ਸਫ਼ਾਰਤਖ਼ਾਨੇ ਵੱਲੋਂ ਜਨਵਰੀ 2023 ਵਿੱਚ ਪੰਜ ਸਾਲ ਦਾ ਈ – ਵੀਜ਼ਾ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ ਜਨਵਰੀ 2028 ਵਿੱਚ ਸਮਾਪਤ ਹੋਣੀ ਹੈ। ਤਰਸੇਮ ਸਿੰਘ ਨੂੰ ਵੀਜ਼ਾ ਰੱਦ ਕਰਨ ਲਈ ਈ ਮੇਲ ਰਾਹੀਂ ਸੂਚਿਤ ਕੀਤਾ ਗਿਆ।
ਭਾਰਤ ਸਰਕਾਰ ਵੱਲੋਂ ਵਿਦੇਸ਼ੀ ਧਰਤੀ ਤੇ ਵਿਚਰ ਰਹੇ ਲੋਕਾਂ ਨੂੰ ਪੰਜਾਬ ਦੀ ਧਰਤੀ ਤੇ ਜਾਣ ਲਈ ਲਗਾਤਾਰ ਵੀਜ਼ੇ ਰੱਦ ਕੀਤੇ ਜਾ ਰਹੇ ਹਨ ਜਿਸ ਵਿੱਚ ਕਈ ਕੌਂਸਲਰ ਤੇ ਸਾਬਕਾ ਕੌਂਸਲਰ ਵੀ ਸਾਮਿਲ ਹਨ।

Leave a Reply

Your email address will not be published. Required fields are marked *