ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਈ ਜਾ ਰਹੀ ਗੁਰੂ ਹਰਿਕ੍ਰਿਸ਼ਨ ਪਾਲੀਕਲੀਨਿਕ ਡਿਸਪੈਂਸਰੀ ਵਿਚ ਦਿਲ ਦੇ ਰੋਗਾਂ ਨਾਲ ਪੀੜ੍ਹਤ ਹੇਠਲੇ ਤਬਕੇ ਦੇ ਮਰੀਜ਼ਾਂ ਲਈ ਨਵੰਬਰ ਮਹੀਨੇ ਵਿਚ ਕਾਰਡੀਓ ਯੂਨਿਟ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੇ ਮਰੀਜਾਂ ਨੂੰ ਦੇਸ਼ ਵਿਚ ਸਭ ਤੋਂ ਸਸਤੀ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।ਇਹ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਕਾਰਡੀਓ ਯੂਨਿਟ ਦੇ ਸੰਚਾਲਨ ਲਈ ਈ.ਸੀ.ਜੀ ਮਸ਼ੀਨ, ਟੀ.ਐਮ.ਟੀ ਬਾਇਓ ਮਾਨਿਟਰ, ਪੱਲਸ ਆਕਸੀਮੀਟਰ, ਆਕਸੀਜਨ ਕੰਸਟਰੇਟਰ ਆਦਿ ਮਸ਼ੀਨਾਂ ਲਗਾਉਣ ਦੀ ਪ੍ਰਕ੍ਰਿਆ ਆਰੰਭ ਕਰ ਦਿੱਤੀ ਗਈ ਹੈ ਅਤੇ ਇਹ ਮਸ਼ੀਨਰੀ ਅਕਤੂਬਰ ਮਹੀਨੇ ਵਿਚ ਖਰੀਦ ਲਈ ਜਾਵੇਗੀ।ਗੁਰੂ ਹਰਿਕ੍ਰਿਸ਼ਨ ਪੋਲੀਕਲੀਨਿਕ ਵਿਖੇ
ਸ਼ੁਰੂ ਹੋਣ ਵਾਲੇ ਇਸ ਕਾਰਡਿਓ ਯੂਨਿਟ `ਚ ਦਿੱਲੀ ਦੇ ਨਿਜੀ ਅਤੇ ਸਰਕਾਰੀ ਹਸਪਤਾਲਾਂ ਦੇ ਹਿਰਦੇ ਰੋਗ ਦੇ ਮਾਹਿਰ ਆਪਣੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕਰਨਗੇ ਅਤੇ ਇਸ ਪੋਲੀਕਲੀਨਿਕ ਵਿਚ ਮਰੀਜਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਕੰਸਲਟੇਸ਼ਨ ਫ਼ੀਸ ਨਹੀਂ ਲਈ ਜਾਵੇਗੀ ਜਦੋਂ ਕਿ
ਸਾਰੇ ਡਾਇਗਨੋਸਟਿਕ ਟੈਸਟ ਦੇਸ਼ ਭਰ ਵਿਚ ਸਭ ਤੋਂ ਸਸਤੇ ਰੇਟ ’ਤੇ ਕੀਤੇ ਜਾਣਗੇ ਤਾਕਿ ਗਰੀਬ ਵਰਗ ਦੇ ਮਰੀਜਾਂ ਨੂੰ ਘੱਟ ਕੀਮਤਾਂ ਵਿਚ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਸੱਕਣ।ਸ. ਕਾਲਕਾ ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਪਿਛਲੇ ਦੋ ਸਾਲਾਂ ਤੋਂ
ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਏ ਜਾ ਰਹੇ ਪੌਲੀਕਲੀਨਿਕ ਵਿੱਚ ਪੂਰੇ ਦੇਸ਼ `ਚ ਸਭ ਤੋਂ ਸਸਤੇ ਰੇਟਾਂ ’ਤੇ ਡਾਇਗਨੌਸਟਿਕ ਟੈਸਟ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਡਿਸਪੈਂਸਰੀ `ਚ ਕੁੱਲ 8 ਕਰੋੜ ਰੁਪਏ ਦੀ ਲਾਗਤ ਨਾਲ ਡਾਇਲਸਿਸ, ਅਲਟਰਾਸਾਊਂਡ, ਐਕਸ-ਰੇ ਅਤੇ ਐਮ.ਆਰ.ਆਈ. ਸੀ.ਟੀ ਸਕੈਨ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿੱਥੇ ਪਿਛਲੇ ਦੋ ਸਾਲਾਂ ਵਿੱਚ 25000 ਮਰੀਜ਼ਾਂ ਨੂੰ ਦੇਸ਼ ਵਿੱਚ ਸਭ ਤੋਂ ਸਸਤੀ ਜਾਂਚ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਡਾਇਗਨੌਸਟਿਕ ਸੈਂਟਰ `ਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ
ਗ਼ਰੀਬ ਮਰੀਜ਼ਾਂ ਨੂੰ ਸਿਰਫ਼ 50 ਰੁਪਏ ਵਿੱਚ ਐਮ.ਆਰ.ਆਈ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਦਕਿ ਜਨਰਲ ਵਰਗ ਦੇ ਮਰੀਜ਼ਾਂ ਲਈ ਇਹ 1400 ਰੁਪਏ `ਚ ਮੁਹੱਈਆ ਕਰਵਾਈ ਜਾ ਰਹੀ ਹੈ।ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ
ਪੋਲੀਕਲੀਨਿਕ `ਚ ਨਾਮਵਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ 100 ਦੇ ਕਰੀਬ ਡਾਕਟਰ ਆਪਣੀਆਂ ਸੇਵਾਵਾਂ ਮੁਫਤ ਪ੍ਰਦਾਨ ਕਰ ਰਹੇ ਹਨ, ਇਸ ਸਮੇਂ ਪੌਲੀਕਲੀਨਿਕ ਵਿੱਚ ਰੋਜ਼ਾਨਾ 400 ਦੇ ਕਰੀਬ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ।ਸ. ਕਾਹਲੋਂ ਨੇ ਦੱਸਿਆ ਕਿ
ਪੋਲੀਕਲੀਨਿਕ `ਚ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਦੋ ਮਹੀਨੇ ਪਹਿਲਾਂ 45 ਲੱਖ ਰੁਪਏ ਦੀ ਲਾਗਤ ਵਾਲੀ ਮੈਮੋਗ੍ਰਾਫੀ ਮਸ਼ੀਨ ਲਗਾਈ ਗਈ ਸੀ ਅਤੇ ਸਿਰਫ਼ 800 ਰੁਪਏ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਕੀਤੀ ਜਾ ਰਹੀ ਹੈ।