Thu. Dec 7th, 2023


ਨਵੀਂ ਦਿੱਲੀ-ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਬਣੇ ਸਰੋਵਰ ਦੇ ਕੰਡੇ ਤੇ ਕੀਰਤਨ ਰੈਣ ਸਬਾਈ ਦੇ ਅਖਾੜੇ ਸਜਾਏ ਗਏ । ਭਾਈ ਮਹਿਤਾਬ ਸਿੰਘ ਅੰਮ੍ਰਿਤਸਰ, ਭਾਈ ਜਸਪ੍ਰੀਤ ਸਿੰਘ ਬਠਿੰਡਾ, ਗਿਆਨੀ ਗੁਰਦੇਵ ਸਿੰਘ ਆਸਟ੍ਰੇਲੀਆ ਸਮੇਤ ਬਹੁਤ ਸਾਰੇ ਸਿੰਘਾਂ ਨੇ ਕੀਰਤਨੀ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰੂ ਜਸ ਨਾਲ ਜੋੜਿਆ । ਉਪਰੰਤ ਬੰਦੀ ਸਿੰਘਾਂ ਦੀ ਰਿਹਾਈ ਲਈ ਉਚੇਚੇ ਤੌਰ ਤੇ ਅਰਦਾਸ ਕੀਤੀ ਗਈ । ਜੱਥੇ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਅਤੇ ਸਾਬਕਾ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਕਈ ਗੁਰਦੁਆਰਾ ਸਾਹਿਬਾਨਾਂ ਤੇ ਹੋਏ ਫੌਜੀ ਹਮਲੇ ਦੇ ਵਿਰੋਧ ਅਤੇ ਪੰਥ ਖਾਲਸਾ ਦੇ ਚਲ ਰਹੇ ਆਜ਼ਾਦੀ ਦੇ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਿੱਖ ਮਰਜੀਵੜੇ ਪਿਛਲੇ ਲੰਮੇ ਸਾਲ ਤੋਂ ਜੇਲ੍ਹਾਂ ‘ਚ ਬੰਦ ਹਨ ਅਤੇ ਦੇਸ਼ ਦੇ ਕਾਨੂੰਨ ਅਨੁਸਾਰ ਉਨ੍ਹਾਂ ਦੀ ਬਣਦੀ ਸਜ਼ਾ ਤੋਂ ਵੀ ਵੱਧ ਯਾਨੀ ਕਿ ਦੂਹਰੀ-ਦੂਹਰੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ, ਪ੍ਰੰਤੂ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ 92% ਕੁਰਬਾਨੀ ਦੇਣ ਵਾਲੀ ਸਿੱਖ ਕੌਮ ਦੇ ਨਾਲ ਗੁਲਾਮਾਂ ਵਾਲਾ ਤੇ ਦੇਸ਼ ਦੇ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਦੇਸ਼ ‘ਚ ਕਦਮ-ਕਦਮ ਤੇ ਸਿੱਖਾਂ ਨਾਲ ਧੱਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਮੋਦੀ ਨੇ ਅਜ ਤੋਂ ਚਾਰ ਸਾਲ ਪਹਿਲਾਂ ਕੁਝ ਬੰਦੀ ਸਿੰਘਾਂ ਨੂੰ ਰਿਹਾਅ ਕਰਨ, ਭਾਈ ਰਾਜੋਆਣਾ ਦੀ ਫ਼ਾਂਸੀ ਉਮਰ ਕੈਦ ‘ਚ ਬਦਲਣ ਦਾ ਆਰਡੀਨੈਂਸ ਪਾਸ ਕਰਨ ਦਾ ਐਲਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਵਰ੍ਹੇ ਤੇ ਐਲਾਨ ਕੀਤਾ ਸੀ। ਉਸ ਐਲਾਨ ਤੋਂ ਬਾਅਦ ਵੀ ਬੰਦੀ ਸਿੰਘ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫ਼ਾਂਸੀ ਮਾਫ਼ੀ ਦਾ ਕੁਝ ਨਹੀਂ ਬਣਿਆ..? ਅੰਤ ਵਿਚ ਉਨ੍ਹਾਂ ਨੇ ਸਮੂਹ ਪੰਥ ਨੂੰ ਅਪੀਲ ਕੀਤੀ ਕਿ ਖਾਲਸਾ ਪੰਥ ਦੇਸ਼ ਪ੍ਰਦੇਸ਼ ਅੰਦਰ ਹਰ ਮਹੀਨੇ ਇਕ ਦਿਨ ਮਿਥ ਕੇ ਪੂਰੇ ਸੰਸਾਰ ਅੰਦਰ ਇੱਕੋ ਸਮੇਂ ਬੰਦੀ ਸਿੰਘਾਂ ਦੀ ਰਿਹਾਈ, ਦੇਹਅਰੋਗਤਾ ਅਤੇ ਚੜ੍ਹਦੀਕਲਾ ਲਈ ਅਰਦਾਸ ਕੀਤੀ ਜਾਏ । ਇਸ ਮੌਕੇ ਜੱਥੇ ਦੇ ਮੁੱਖ ਸੇਵਾਦਾਰ ਭਾਈ ਅਰੁਣਪਾਲ ਸਿੰਘ ਅਤੇ ਭਾਈ ਮਨਜੀਤ ਸਿੰਘ, ਭਾਈ ਮਲਕੀਤ ਸਿੰਘ, ਭਾਈ ਗਗਨਦੀਪ ਸਿੰਘ, ਭਾਈ ਹਰਜੀਤ ਸਿੰਘ ਸਣੇ ਬਹੁਤ ਸਾਰੇ ਸਿੰਘ ਅਤੇ ਸਿੰਘਣੀਆਂ ਹਾਜ਼ਿਰ ਸਨ।

 

Leave a Reply

Your email address will not be published. Required fields are marked *