Wed. Oct 4th, 2023


 

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਅਰਥਚਾਰੇ ਦੀ ਸੁਰਜੀਤੀ ਦੇ ਨਾਲ-ਨਾਲ ਵਿਆਪਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੀ ਭਲਾਈ ਲਈ ਕੇਂਦਰ ਸਰਕਾਰ ਪਾਸੋਂ ਇਕ ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ।

        ਭਗਵੰਤ ਮਾਨ ਨੇ ਅੱਜ ਬਾਅਦ ਦੁਪਹਿਰ ਇੱਥੇ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੂੰ ਸੂਬੇ ਦੀ ਤਰਸਯੋਗ ਵਿੱਤੀ ਹਾਲਤ ਬਾਰੇ ਜਾਣੂੰ ਕਰਵਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰ ਸੂਬੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਗਈਆਂ ਅਤੇ ਉਨ੍ਹਾਂ ਨੇ ਅਗਲੇ ਦੋ ਸਾਲਾਂ ਲਈ ਪ੍ਰਤੀ ਸਾਲ 50, 000 ਕਰੋੜ ਰੁਪਏ ਦਾ ਵਿੱਤੀ ਪੈਕੇਜ ਤੁਰੰਤ ਦੇਣ ਦੀ ਮੰਗ ਕੀਤੀ ਤਾਂ ਕਿ ਲੀਹੋਂ ਲੱਥੀ ਆਰਥਿਕਤਾ ਨੂੰ ਮੁੜ ਪੱਟੜੀ ਉਤੇ ਲਿਆਂਦਾ ਜਾ ਸਕੇ। ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਵਿੱਤੀ ਸਹਾਇਤਾ ਸਦਕਾ ਤੀਜੇ ਸਾਲ ਦੌਰਾਨ ਸੂਬੇ ਦਾ ਅਰਥਚਾਰਾ ਸਵੈ-ਨਿਰਭਰ ਅਤੇ ਵਿੱਤੀ ਪੱਖੋਂ ਸਥਿਰ ਹੋ ਜਾਵੇਗਾ।

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਤੋਂ ਮਾਫੀਏ ਦਾ ਮੁਕੰਮਲ ਸਫਾਇਆ ਕਰਕੇ ਖਾਲੀ ਖਜ਼ਾਨਾ ਭਰਨ ਲਈ ਠੋਸ ਯਤਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅਤੇ ਇੱਥੋਂ ਤੱਕ ਕਿ ਹੁਣ ਵੀ ਸਾਡੇ ਬਹਾਦਰ ਪੰਜਾਬੀ ਜਵਾਨ ਅੰਦਰੂਨੀ ਤੇ ਬਾਹਰੀ ਦੁਸ਼ਮਣਾਂ ਤੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸੁਰੱਖਿਆ ਕਰਨ ਲਈ ਸਰਹੱਦਾਂ ਦੀ ਰਾਖੀ ਕਰ ਰਹੇ ਹਨ।

ਪੰਜਾਬ ਦੇ ਸਰਹੱਦੀ ਸੂਬਾ ਹੋਣ ਦੇ ਪ੍ਰਸੰਗ `ਚ ਕੌਮੀ ਸੁਰੱਖਿਆ ਦਾ ਇਕ ਹੋਰ ਅਹਿਮ ਮੁੱਦਾ ਚੁੱਕਦਿਆਂ ਭਗਵੰਤ ਮਾਨ ਨੇ ਸਰਹੱਦ ਪਾਰ ਦੀਆਂ ਆਧੁਨਿਕ ਤਕਨੀਕਾਂ ਨਾਲ ਲੈਸ ਦੁਸ਼ਮਣ ਤਾਕਤਾਂ ਦੇ ਯਤਨਾਂ ਨੂੰ ਨਾਕਾਮ ਕਰਨ ਲਈ ਕੇਂਦਰ ਸਰਕਾਰ ਦੇ ਖੁੱਲ੍ਹਦਿਲੇ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਵੱਲੋਂ ਵੀ ਪ੍ਰਧਾਨ ਮੰਤਰੀ ਨੂੰ ਇਹ ਭਰੋਸਾ ਦਿੱਤਾ ਗਿਆ ਕਿ ਪੰਜਾਬ ਵੱਲੋਂ ਇਸ ਸਬੰਧ ਵਿਚ ਕੇਂਦਰ ਨੂੰ ਹਰ ਬਣਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਮੁੱਖ ਮੰਤਰੀ ਵੱਲੋਂ ਕੇਂਦਰ ਨੂੰ ਸੂਬੇ ਦੀਆਂ ਘੁਸਪੈਠ ਵਿਰੋਧੀ ਕਾਰਵਾਈਆਂ ਦਾ ਟਾਕਰਾ ਕਰਨ ਲਈ ਫੋਰਸਾਂ ਨੂੰ ਅਤਿ-ਆਧੁਨਿਕ ਤਕਨੀਕਾਂ ਮੁਹੱਈਆ ਕਰਵਾਉਣ ਲਈ ਅਪੀਲ ਕੀਤੀ ਗਈ।

ਮੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਆਪਣੀ ਪਹਿਲੀ ਮੀਟਿੰਗ ਨੂੰ ਉਸਾਰੂ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਸ੍ਰੀ ਮੋਦੀ ਨੇ ਪੰਜਾਬ ਨੂੰ ਮੁੜ ਰੰਗਲਾ ਸੂਬਾ ਬਣਾਉਣ ਲਈ ਹਰ ਸੰਭਵ ਸਹਾਇਤਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ, “ਜੇਕਰ ਪੰਜਾਬ ਵਿਕਾਸ ਦੀਆਂ ਪੁਲਾਂਘਾ ਤੇਜ਼ ਪੁੱਟੇਗਾ ਤਾਂ ਇਸ ਨਾਲ  ਭਾਰਤ ਵੀ ਖੁਸ਼ਹਾਲ ਹੋਵੇਗਾ।“ ਮਹਾਨ ਪੰਜਾਬੀ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚੋਂ ਕੁਝ ਪੰਕਤੀਆਂ ਦਾ ਜ਼ਿਕਰ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ,  ਭਾਰਤ ਦੀ ਮੁੰਦਰੀ ਵਿਚ ਜੜ੍ਹੇ ਹੋਏ ਨਗ ਵਾਂਗ ਹੈ।“ ਉਨ੍ਹਾਂ ਉਦਾਸੀ ਭਰੇ ਲਹਿਜ਼ੇ ਵਿਚ ਕਿਹਾ ਕਿ ਪੰਜਾਬ ਵਿਚ ਬੀਤੇ ਸਮੇਂ ਵਿਚ ਕੁਝ ਕੁ ਗਲਤ ਸਰਕਾਰਾਂ ਦੇ ਚੁਣੇ ਜਾਣ ਦੇ ਫੈਸਲਿਆਂ ਕਾਰਨ ਇਸ ਨਗ ਦੀ ਚਮਕ ਫਿੱਕੀ ਪੈ ਗਈ। ਆਪਣੀ ਪ੍ਰਤੀਬੱਧਤਾ ਨੂੰ ਦਹੁਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਨੂੰ ਮੁਲਕ ਦਾ ਮੋਹਰੀ ਸੂਬਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਵਿਸ਼ਵ ਪੱਧਰ ਉਤੇ ਮੁਲਕ ਦਾ ਨਾਮ ਵੀ ਰੌਸ਼ਨ ਹੋਵੇਗਾ।

ਭਗਵੰਤ ਮਾਨ ਵੱਲੋਂ ਉਠਾਏ ਮਸਲਿਆਂ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਸਮੁੱਚੇ ਮਾਮਲੇ ਨੂੰ ਕੇਂਦਰੀ ਵਿੱਤ ਤੇ ਗ੍ਰਹਿ ਮੰਤਰਾਲਿਆਂ ਕੋਲ ਉਠਾਉਣਗੇ ਤਾਂ ਕਿ ਸੂਬੇ ਦੀ ਬਣਦੀ ਮਦਦ ਕੀਤੀ ਜਾ ਸਕੇ।

ਇਸ ਮੌਕੇ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨੂੰ ਸਨੇਹ ਵਜੋਂ ਸ਼ਾਲ ਤੇ ਗੁਲਦਸਤਾ ਭੇਟ ਕੀਤਾ ਅਤੇ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਮੁੱਖ ਮੰਤਰੀ ਵਜੋਂ ਸਫਲ ਪਾਰੀ ਦੀ ਸ਼ੁਰੂਆਤ ਕਰਨ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *