Sun. Sep 24th, 2023


ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਆਖਿਆ ਹੈ ਕਿ ਉਹ ਪੰਜਾਬ ਤੇ ਪੰਜਾਬੀਅਤ ਦੇ ਅਲੰਬਰਦਾਰ ਅਤੇ ਅਜੀਤ ਅਖਬਾਰ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਤੇ ਦੁਨੀਆਂ ਵਿਚ ਇਕ ਸਨਮਾਨਿਤ ਸ਼ਖਸੀਅਤ ਹਨ ਜੋ ਪਦਮ ਭੂਸ਼ਣ ਨਾਲ ਵੀ ਭਾਰਤ ਸਰਕਾਰ ਵੱਲੋਂ ਸਨਮਾਨੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਇੰਨੀ ਵੱਡੀ ਸ਼ਖਸੀਅਤ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣਾ ਅਤੇ ਵਿਜੀਲੈਂਸ ਬਿਊਰੋ ਨੂੰ ਅਜਿਹੀ ਸ਼ਖਸੀਅਤ ਦੇ ਖਿਲਾਫ ਵਰਤਣਾ ਬਹੁਤਹੀ ਨਿੰਦਣਯੋਗ ਕਾਰਵਾਈ ਹੈ।
ਉਹਨਾਂ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਨੇ ਸਿਰਫ ਅਖ਼ਬਾਰ ਦੇ ਮੁੱਖ ਸੰਪਾਦਕ ਵਜੋਂ ਪੱਤਰਕਾਰੀ ਰਾਹੀਂ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਨਹੀਂ ਕੀਤੀ ਬਲਕਿ ਉਹਨਾਂ ਇਕ ਬਹੁ ਪੱਖੀ ਸ਼ਖਸੀਅਤ ਵਜੋਂ ਸਮਾਜ ਵਾਸਤੇ ਵੱਡੇ ਕੰਮ ਕੀਤੇ ਹਨ। ਉਹਨਾਂ ਕਿਹਾ ਕਿ ਜੰਗ ਏ ਆਜ਼ਾਦੀ ਮੈਮੋਰੀਅਲ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ। ਡਾ. ਬਰਜਿੰਦਰ ਸਿੰਘ ਹਮਦਰਦ ਨੇ ਬਹੁਤ ਹੀ ਮਿਹਨਤ, ਸਮਰਪਣ ਦੀ ਭਾਵਨਾ ਤੇ ਲਗਨ ਨਾਲ ਇਹ ਜੰਗ ਏ ਆਜ਼ਾਦੀ ਮੈਮੋਰੀਅਲ ਤਿਆਰ ਕਰਵਾਇਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪ ਸਰਕਾਰ  ਉਹਨਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਬਜਾਏ ਅਜਿਹੀ ਸ਼ਖਸੀਅਤ ਦਾ ਸਨਮਾਨ ਕਰਨ ਦੇ, ਆਪ ਸਰਕਾਰ ਉਹਨਾਂ ’ਤੇ ਦਬਾਅ ਬਣਾਉਣ ਦਾ ਯਤਨ ਕਰ ਰਹੀ ਹੈ ਕਿ ਉਹਨਾਂ ਦਾ ਅਖ਼ਬਾਰ ਸਮੂਹ ਸਰਕਾਰ ਦੇ ਹੱਕ ਵਿਚ ਖਬਰਾਂ ਲਾਵੇ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸੱਤਾ ਦੀ ਹਊਮੈ ਆਪਣੇ ਸਿਰ ਨਾ ਚੜ੍ਹਾਉਣ ਬਲਕਿ ਇਹ ਸਮਝਣ ਕਿ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਲੋਕਾਂ ਦੀ ਭਲਾਈ ਦੇ ਕੰਮ ਕਰਨ ਵਾਸਤੇ ਬਣਾਇਆ ਹੈ ਨਾ ਕਿ ਪੁਲਿਸ ਤੇ ਵਿਜੀਲੈਂਸ ਬਿਊਰੋ ਦੀ ਦੁਰਵਰਤੋਂ ਕਰਨ ਵਾਸਤੇ।

 

Leave a Reply

Your email address will not be published. Required fields are marked *