ਨਵੀਂ ਦਿੱਲੀ- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਡੇਂਗੂ ਬਿਮਾਰੀ ਤੋਂ ਪੀੜਿਤ ਹੋ ਗਏ ਸਨ, ਉਪਰੰਤ ਉਨ੍ਹਾਂ ਨੂੰ ਜੇਲ੍ਹ ਦੇ ਨੇੜੇ ਦੀਨ ਦਇਆਲ ਉਪਾਧਿਆਇ ਹਸਪਤਾਲ ਵਿਚ ਅਧੂਰਾ ਇਲਾਜ ਕਰਵਾ ਕੇ ਮੁੜ ਜੇਲ੍ਹ ਭੇਜ ਦਿਤਾ ਸੀ, ਦੇ ਚੰਗੇ ਇਲਾਜ਼ ਲਈ ਹਾਈ ਕੋਰਟ ਅੰਦਰ ਲਗਾਈ ਗਈ ਅਪੀਲ ਵਿਚ ਵਕੀਲ ਮਹਿਮੂਦ ਪਰਾਚਾ ਅਤੇ ਪੰਥਕ ਵਕੀਲ ਹਰਪ੍ਰੀਤ ਸਿੰਘ ਹੋਰਾ ਪੇਸ਼ ਹੋਏ ਸਨ । ਅਦਾਲਤ ਅੰਦਰ ਪੇਸ਼ ਹੋਏ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਦੀਨ ਦਇਆਲ ਉਪਾਧਿਆਇ ਹਸਪਤਾਲ ਚ ਜੇਲ ਵਾਲਿਆਂ ਨੇ ਚੰਗੀ ਤਰ੍ਹਾਂ ਇਲਾਜ ਨਹੀਂ ਕਰਵਾਇਆ ਤੇ ਉਨ੍ਹਾਂ ਨਾਲ ਕਿਸੇ ਨੂੰ ਵੀ ਮਿਲਣ ਦੀ ਇਜਾਜ਼ਤ ਵੀ ਨਹੀ ਦਿੱਤੀ ਗਈ ਗਈ ਸੀ । ਅਦਾਲਤ ਅੰਦਰ ਚਲੀ ਬਹਿਸ ਦੌਰਾਨ ਅਦਾਲਤ ਨੂੰ ਕਿਹਾ ਗਿਆ ਕਿ ਭਾਈ ਹਵਾਰਾ ਦੀ ਖਰਾਬ ਸਿਹਤ ਨੂੰ ਦੇਖਦਿਆਂ ਚੰਗੇ ਇਲਾਜ਼ ਲਈ ਐਮਜ਼ ਹਸਪਤਾਲ ਚ ਭੇਜਿਆ ਜਾਵੇ। ਵਕੀਲ ਮਹਿਮੂਦ ਪਰਾਚਾ ਤੇ ਪੰਥਕ ਵਕੀਲ ਹਰਪ੍ਰੀਤ ਸਿੰਘ ਹੋਰਾ ਦੀਆਂ ਦਲੀਲਾਂ ਤੋਂ ਬਾਅਦ ਅਦਾਲਤ ਨੇ ਜੇਲ ਨੂੰ ਭਾਈ ਹਵਾਰਾ ਦੇ ਸਿਹਤ ਬਾਰੇ ਅਦਾਲਤ ਅੰਦਰ ਸਟੇਟਸ ਰਿਪੋਰਟ ਦਾਖਿਲ ਕਰਨ ਅਤੇ ਉਨ੍ਹਾਂ ਦੇ ਚੈਕ ਅਪ ਲਈ ਐਮਜ਼ ਲੈ ਕੇ ਜਾਣ ਦੇ ਆਦੇਸ਼ ਜਾਰੀ ਕਰ ਦਿਤੇ ਅਤੇ ਇਸਦੇ ਨਾਲ ਹੀ ਅਦਾਲਤ ਨੇ ਦੀਨ ਦਇਆਲ ਹਸਪਤਾਲ ਤੋਂ ਭਾਈ ਹਵਾਰਾ ਦੀ ਡਿਸਚਾਰਜ ਰਿਪੋਰਟ ਵੀ ਮੰਗਵਾਈ ਹੈ । ਇਸ ਮਾਮਲੇ ਦੀ ਅਗਲੀ ਸੁਣਵਾਈ 6 ਦਿਸੰਬਰ ਨੂੰ ਹੋਵੇਗੀ ।