Fri. Dec 1st, 2023


ਨਵੀਂ ਦਿੱਲੀ -ਕੈਨੇਡਾ ਦੇ ਪ੍ਰਧਾਨਮੰਤਰੀ ਟਰੂਡੋ ਨੇ  ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ  ਦੇ ਦੋਸ਼ ਲਗਾਏ ਹਨ ਕਿ ਸਿੱਖ ਆਗੂ ਸ੍ਰ. ਹਰਦੀਪ ਸਿੰਘ ਨਿਜ਼ਰ ਦੀ ਹੱਤਿਆ ਦੇ ਮਾਮਲੇ ਵਿੱਚ ਉਨ੍ਹਾਂ ਦਾ ਹੱਥ ਹੈ। ਅਮਰੀਕਾ ਨੇ ਇਨ੍ਹਾਂ ਆਰੋਪਾਂ ਨੂੰ ਬਹੁਤ ਹੀ ਗੰਭੀਰ ਦੱਸਦੇ ਹੋਏ, ਕੈਨੇਡਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਮੱਰਥਨ ਕੀਤਾ ਹੈ।  ਆਸਟਰੇਲੀਆ ਨੇ ਵੀ ਭਾਰਤ ਨੂੰ ਇਸ ਮਾਮਲੇ ਤੇ ਗੰਭੀਰਤਾ ਨਾਲ ਗੌਰ ਕਰਨ ਲਈ ਕਿਹਾ ਹੈ। ਅਮਰੀਕਾ, ਕਨੇਡਾ, ਬ੍ਰਿਟੇਨ, ਨਿਊਜ਼ੀਲੈਂਡ ਅਤੇ ਆਸਟਰੇਲੀਆ ਫਾਈਵ ਆਈਜ਼ ਅਲਾਇੰਸ ਦੇ ਮੈਂਬਰ ਹਨ। ਇੰਟੈਲੀਜੈਂਸ ਸ਼ੇਅਰਿੰਗ ਮੈਕਨਿਜ਼ਮ ਦੇ ਤਹਿਤ ਇਹ ਸਾਰੇ ਦੇਸ਼ ਆਪਣੀ ਮਹੱਤਵਪੂਰਨ ਜਾਣਕਾਰੀ ਇੱਕ ਦੂਸਰੇ ਨਾਲ ਸਾਂਝੀ ਕਰ ਸਕਦੇ ਹਨ। ਅਮਰੀਕੀ ਰਾਜਦੂਤ ਐਰਿਕ ਗਾਰਸਿਟੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਰੋਪਾਂ ਨਾਲ ਕਿਸੇ ਨੂੰ ਵੀ ਪਰੇਸ਼ਾਨੀ ਹੋਵੇਗੀ, ਪਰ ਇੱਕ ਸਰਗਰਮ ਅਪਰਾਧਿਕ ਜਾਂਚ ਦੇ ਨਾਲ ਅਸੀਂ ਇਹ ਨਿਸ਼ਚਿਤ ਕਰ ਸਕਦੇ ਹਾਂ ਕਿ ਅਪਰਾਧੀਆਂ ਨੂੰ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਅਸੀਂ ਸਾਰੀ ਜਾਣਕਾਰੀ ਜੁਟਾਉਣ ਦੇ ਲਈ ਜਾਂਚ ਦੀ ਆਗਿਆ ਦਿੰਦੇ ਹਾਂ।

ਅਮਰੀਕਾ ਨੇ ਕੈਨੇਡਾ ਦੀ ਜਾਂਚ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਜੋ ਵੀ ਦੋਸ਼ੀ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਵੀਰਵਾਰ ਨੂੰ ਕਿਹਾ ਕਿ ਅਸੀਂ ਕੈਨੇਡੀਅਨ ਪੀਐੱਮ ਵੱਲੋਂ ਜਨਤਕ ਤੌਰ ‘ਤੇ ਲਗਾਏ ਗਏ ਦੋਸ਼ਾਂ ਨੂੰ ਸੁਣਿਆ ਹੈ ਅਤੇ ਇਸ ਮਾਮਲੇ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਹਮਾਇਤ ਇਸ ਗੱਲ ਲਈ ਹੈ ਕਿ ਜੋ ਕੁਝ ਵੀ ਹੋਇਆ, ਉਸ ਦੀ ਤਹਿ ਤੱਕ ਕਾਨੂੰਨੀ ਮਾਧਿਅਮ ਰਾਹੀਂ ਪਹੁੰਚਿਆ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਜੈਕ ਸੁਲੀਵਨ ਨੇ ਕਿਹਾ ਕਿ ਜਦੋਂ ਤੋਂ ਇਹ ਮਾਮਲਾ ਜਨਤਕ ਤੌਰ ‘ਤੇ ਸਾਹਮਣੇ ਆਇਆ ਹੈ, ਉਦੋਂ ਤੋਂ ਹੀ ਅਮਰੀਕਾ ਦਾ ਰੁਖ ਇਹੀ ਰਿਹਾ ਹੈ ਅਤੇ ਜਦੋਂ ਤੱਕ ਮਾਮਲਾ ਆਪਣੇ ਅੰਤਿਮ ਨਤੀਜੇ ‘ਤੇ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਅਜਿਹਾ ਹੀ ਰਹੇਗਾ। ਅਮਰੀਕਾ ਦੇ ਸੁਰੱਖਿਆ ਸਲਾਹਕਾਰ ਦਾ ਕਹਿਣਾ ਹੈ ਕਿ ਖਾਲਿਸਤਾਨੀ ਨੇਤਾ ਦੀ ਹੱਤਿਆ ‘ਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਹੋਣ ਦੀ ਗੱਲ ਕਹੇ ਜਾਣ ਤੋਂ ਬਾਅਦ ਅਮਰੀਕਾ ਭਾਰਤੀਆਂ ਦੇ ਸੰਪਰਕ ‘ਚ ਹੈ ।  ਭਾਰਤ ਦੀ ਸ਼ਮੂਲੀਅਤ ਦੇ ਦੋਸ਼ਾਂ ‘ਤੇ ਸੁਲੀਵਨ ਨੇ ਕਿਹਾ ਕਿ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਹ ਇਸ ਮਾਮਲੇ ‘ਤੇ ਗੰਭੀਰ ਹੈ। ਅਮਰੀਕਾ ਆਪਣੇ ਮੂਲ ਸਿਧਾਂਤਾਂ ‘ਤੇ ਕਾਇਮ ਹੈ।

Leave a Reply

Your email address will not be published. Required fields are marked *