Sat. Mar 2nd, 2024


 ਚੰਡੀਗੜ੍ਹ-ਚੰਡੀਗੜ੍ਹ ਦੇ ਮੇਅਰ ਚੋਣਾਂ ਨੇ ਸੋਮਵਾਰ ਨੂੰ ਉਸ ਵੇਲੇ ਦਿਲਚਸਪ ਮੋੜ ਲਿਆ ਜਦੋਂ ‘ਆਪ’ ਅਤੇ ਕਾਂਗਰਸ ਨੇ ਇਕੱਠੇ ਹੋ ਕੇ ਮੇਅਰ ਦੀ ਦੌੜ ਚ ਭਾਜਪਾ ਦਾ ਸਾਹਮਣਾ ਕਰਨ ਲਈ ਆਪਣੇ ਸਾਂਝੇ ਉਮੀਦਵਾਰ ਦਾ ਐਲਾਨ ਕੀਤਾ। ਚੰਡੀਗੜ੍ਹ ਮੇਅਰ ਦੀ ਚੋਣ ਵਿਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਇਹ ਗਠਜੋੜ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੀਆਂ ਆਮ ਚੋਣਾਂ ਇਕੱਠੇ ਲੜਨ ਦਾ ਰਾਹ ਵੀ ਪੱਧਰਾ ਕਰੇਗਾ।

 ‘ਆਪ’ਨੇ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕੀਤਾ ਹੈ ਜਦਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ।  ‘ਆਪ’ ਅਤੇ ਕਾਂਗਰਸ ਕੋਲ ਹੁਣ 20 ਕੌਂਸਲਰ ਹਨ (ਆਪ ਦੇ 13 ਕੌਂਸਲਰ ਅਤੇ ਕਾਂਗਰਸ ਦੇ 7 ਕੌਂਸਲਰ) ਅਤੇ ਸਪੱਸ਼ਟ ਤੌਰ ‘ਤੇ ਤਿੰਨੋਂ ਅਹੁਦਿਆਂ ਲਈ ਦੋਵੇਂ ਪਾਰਟੀਆਂ ਜਿੱਤ ਦੀ ਸਥਿਤੀ ਵਿੱਚ ਹਨ।

 ਕਾਂਗਰਸ ਦੇ ਮੇਅਰ ਉਮੀਦਵਾਰ ਜਸਬੀਰ ਸਿੰਘ ਬੰਟੀ ਅਤੇ ‘ਆਪ’ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਉਮੀਦਵਾਰ ਨੇਹਾ ਤੇ ਪੂਨਮ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ।  ਹੁਣ ‘ਆਪ’ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਮੇਅਰ ਅਹੁਦੇ ਲਈ ਭਾਜਪਾ ਉਮੀਦਵਾਰ ਨੂੰ ਚੁਣੌਤੀ ਦੇਣਗੇ ਅਤੇ ਸੀਨੀਅਰ ਡਿਪਟੀ ਮੇਅਰ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਗਾੱਬੀ ਅਤੇ ਡਿਪਟੀ ਮੇਅਰ ਲਈ ਕਾਂਗਰਸ ਦੀ ਨਿਰਮਲਾ ਦੇਵੀ ਚੋਣ ਲੜਨਗੇ।

 ‘ਆਪ’-ਕਾਂਗਰਸ ਗਠਜੋੜ ਬਾਰੇ ਜਾਣਕਾਰੀ ਦਿੰਦਿਆਂ ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਅਸੀਂ ਮਿਲ ਕੇ ਇਹ ਚੋਣ ਆਸਾਨੀ ਨਾਲ ਜਿੱਤ ਲਵਾਂਗੇ ਅਤੇ ਚੰਡੀਗੜ੍ਹ ‘ਚ ਭਾਜਪਾ ਤੋਂ ਇਲਾਵਾ ਕੋਈ ਹੋਰ ਮੇਅਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸ਼ੁਰੂ ਤੋਂ ਹੀ ਜ਼ਿਆਦਾ ਕੌਂਸਲਰ ਹਨ ਪਰ ਭਾਜਪਾ ਨੇ ਜ਼ਬਰਦਸਤੀ ਅਤੇ ਗੈਰ-ਸੰਵਿਧਾਨਕ ਢੰਗ ਨਾਲ ਦੋ ਵਾਰ ਆਪਣਾ ਮੇਅਰ ਬਣਾਇਆ ਪਰ ਇਸ ਵਾਰ ਉਹ ਕਾਮਯਾਬ ਨਹੀਂ ਹੋਏ।  ਜਰਨੈਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਇੱਕ ਮਿਸਾਲ ਕਾਇਮ ਕਰੇਗਾ ਕਿ ਅਸੀਂ ਮਿਲ ਕੇ ਭਾਜਪਾ ਨੂੰ ਹਰਾ ਸਕਦੇ ਹਾਂ।

 ‘ਆਪ’ ਆਗੂ ਨੇ ਕਿਹਾ ਕਿ ਭਾਜਪਾ ਦੀ ਤਾਨਾਸ਼ਾਹੀ ਨੂੰ ਖਤਮ ਕਰਨ ਲਈ ‘ਆਪ’ ਅਤੇ ਕਾਂਗਰਸ ਨੇ ਮਿਲ ਕੇ ਇਹ ਚੋਣ ਲੜਨ ਦਾ ਫੈਸਲਾ ਕੀਤਾ ਹੈ।  ਭਾਜਪਾ ਨੇ ਚੰਡੀਗੜ੍ਹ ਅਤੇ ਇੱਥੋਂ ਦੇ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਪਰ ਹੁਣ ਬਦਲਾਅ ਆਵੇਗਾ।  ‘ਆਪ’ ਦੇ ਮੇਅਰ ਨਾਲ ਚੰਡੀਗੜ੍ਹ ਦੇ ਲੋਕ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਦੀਆਂ ਨਵੀਆਂ ਉਚਾਈਆਂ ਨੂੰ ਦੇਖਣਗੇ।  ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮਿਸਾਲ ਕਾਇਮ ਕਰੇਗਾ ਅਤੇ ਜਲਦੀ ਹੀ ਪੂਰਾ ਦੇਸ਼ ਸਾਡੇ ਦੇਸ਼ ਵਿਚ ਤਾਨਾਸ਼ਾਹੀ ਤਾਕਤਾਂ ਨੂੰ ਮਾਤ ਦੇਣ ਲਈ ਇੱਕ ਹੋਵੇਗਾ।

 

Leave a Reply

Your email address will not be published. Required fields are marked *