ਨਵੀਂ ਦਿੱਲੀ  -ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ‘ਤੇ ਭਾਰਤ ਭਰ ਵਿੱਚ ਸੈਂਕੜੇ ਥਾਵਾਂ ‘ਤੇ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ ਗਏ। ਮੁਜ਼ਾਹਰਿਆਂ ‘ਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਇੱਕਜੁੱਟਤਾ ਨਾਲ ਸ਼ਮੂਲੀਅਤ ਕੀਤੀ। ਇਹ ਵਿਰੋਧ-ਪ੍ਰਦਰਸ਼ਨ 10 ਤੋਂ 12 ਵਜੇ ਤੱਕ ਹੋਏ।
ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਨੂੰ ਛੂਹ ਗਈਆਂ ਹਨ ਅਤੇ ਇਹ ਕੀਮਤ ਹਵਾਈਬਾਜ਼ੀ ਬਾਲਣ ਦੀ ਪ੍ਰਤੀ ਲੀਟਰ ਦੀ ਕੀਮਤ ਤੋਂ ਵੀ ਵੱਧ ਹੈ। ਸਾਲ 2014 ਵਿਚ ਡੀਜ਼ਲ ਅਤੇ ਪੈਟਰੋਲ ‘ਤੇ ਐਕਸਾਈਜ਼ ਟੈਕਸ 3.56 ਰੁਪਏ ਤੋਂ ਲੈ ਕੇ 9.48 ਰੁਪਏ ਪ੍ਰਤੀ ਲੀਟਰ ਸੀ, 2021 ਵਿਚ ਇਹ ਡੀਜ਼ਲ ਦੀ ਪ੍ਰਤੀ ਲੀਟਰ 31.80 ਅਤੇ ਪੈਟਰੋਲ ਦੀ 32.90 ਹੋ ਗਈ ਹੈ। ਕੁਝ ਅਜਿਹਾ ਹੀ ਰਸੋਈ ਗੈਸ ਦੀਆਂ ਅਣਅਧਿਕਾਰਤ ਕੀਮਤਾਂ ਦਾ ਹੈ, ਹਾਲ ਹੀ ਵਿੱਚ 25 ਰੁਪਏ ਵਾਧਾ ਹੋਇਆ ਹੈ, 2021 ਵਿੱਚ ਇਹਨਾਂ ਕੀਮਤਾਂ ਵਿਚ 62 ਵਾਰ ਵਾਧਾ ਹੋਇਆ ਹੈ!
ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਵਾਂ ਤੋਂ ਵਿਰੋਧ ਪ੍ਰਦਰਸ਼ਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਬਿਹਾਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਓਡੀਸ਼ਾ, ਛੱਤੀਸਗੜ, ਰਾਜਸਥਾਨ ਅਤੇ ਤਾਮਿਲਨਾਡੂ ਤੋਂ ਰਿਪੋਰਟਾਂ ਆਈਆਂ ਹਨ।
ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਵਾਹਨ ਪਾਰਕ ਕੀਤੇ ਅਤੇ ਆਪਣੇ ਖਾਲੀ ਗੈਸ ਸਿਲੰਡਰ ਸੜਕਾਂ ਤੱਕ ਲੈ ਆਂਦੇ ਅਤੇ ਤਖ਼ਤੀਆਂ ਅਤੇ ਬੈਨਰ ਫੜ੍ਹ ਕੇ ਵਿਰੋਧ ਜਤਾਇਆ। ਕੁਝ ਥਾਵਾਂ ‘ਤੇ ਕਿਸਾਨਾਂ ਨੇ ਰੱਸੀ ਨਾਲ ਟਰੈਕਟਰਾਂ ਵਰਗੇ ਵਾਹਨਾਂ ਨੂੰ ਖਿੱਚ ਕੇ ਵਿਲੱਖਣ ਸੰਦੇਸ਼ ਦਿੱਤਾ। ਪੰਜਾਬ ਵਿਚ ਕਿਸਾਨਾਂ ਨੇ ਨੰਗੇ-ਧੜ੍ਹ ਨਾਅਰੇਬਾਜ਼ੀ ਕੀਤੀ। ਅੱਜ ਦੇਸ਼ ਭਰ ‘ਚ ਹੋਏ ਪ੍ਰਦਰਸ਼ਨਾਂ ਦੌਰਾਨ ਔਰਤਾਂ ਅਤੇ ਨੌਜਵਾਨ ਵੀ ਵੱਡੀਆਂ ਗਿਣਤੀਆਂ ‘ਚ ਸ਼ਾਮਲ ਹੋਏ। ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਅਤੇ ਸਿੰਘੂ ਬਾਰਡਰ ‘ਤੇ ਵੀ ਕਿਸਾਨਾਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਅੱਧੀਆਂ ਕੀਤੀਆਂ ਜਾਣ।
ਸਿੰਘੂ-ਬਾਰਡਰ ‘ਤੇ ਮਿਸ਼ਨ-ਸਦਭਾਵਨਾ ਤਹਿਤ ਅੱਖਾਂ ਦਾ ਕੈਂਪ ਹਰ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ, ਜਦੋਂਕਿ ਦਿਲ ਦੇ ਰੋਗਾਂ ਦਾ ਕੈਂਪ ਹਰ ਐਤਵਾਰ ਲਗਾਇਆ ਜਾਇਆ ਕਰੇਗਾ। ਕੈਂਪ ਦੀ
ਸ਼ੁਰੂਆਤ ਅੱਜ ਤੋਂ ਹੋ ਗਈ ਹੈ। ਇਹ ਮੈਡੀਕਲ ਕੈਂਪ ਕਿਸਾਨ-ਅੰਦੋਲਨ ਦੇ ਨਾਲ ਜਾਰੀ ਰਹਿਣਗੇ।

 

Leave a Reply

Your email address will not be published. Required fields are marked *