ਨਵੀਂ ਦਿੱਲੀ – ਅਫ਼ਗਾਨਿਸਤਾਨ ਵਿੱਚ ਗ੍ਰਹਿ ਯੁੱਧ ਦੀ ਲਪੇਟ ਵਿਚ ਆਉਣ ਕਾਰਨ ਸਿੱਖਾਂ ਦੀ ਘੱਟ ਰਹੀ ਗਿਣਤੀ `ਤੇ ਡੂੰਘੀ ਚਿੰਤਾ ਜ਼ਹਿਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਕੇ ਅਫ਼ਗਾਨਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਇਨ੍ਹਾਂ ਸਿੱਖਾਂ ਨੂੰ ਭਾਰਤ ਵਿੱਚ ਸੁਰੱਖਿਅਤ ਵਸੇਬਾ ਦੇਣ ਦੀ ਮੰਗ ਕੀਤੀ ਹੈ।
ਸ: ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਸਬੰਧ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਡਾ.ਐੱਸ.ਜੈਸ਼ੰਕਰ ਨਾਲ ਵੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਦੀ ਤਾਜ਼ਾ ਸਥਿਤੀ `ਤੇ ਨਜ਼ਰ ਰੱਖੀ ਹੋਈ ਹੈ ਅਤੇ ਉਹ ਉੱਥੇ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਸ: ਢੀਂਡਸਾ ਨੇ ਭਾਰਤ ਵਿੱਚ ਅਫ਼ਗਾਨਿਸਤਾਨ ਦੂਤਾਵਾਸ ਨੂੰ ਵੀ ਪੱਤਰ ਲਿਖ ਕੇ ਇਥੋਂ ਦੇ ਵਫ਼ਦ ਨੂੰ ਸਿੱਖਾਂ ਨਾਲ ਗੱਲਬਾਤ ਕਰਨ ਦੀ ਇਜ਼ਾਜਤ ਦੇਣ ਦੀ ਮੰਗ ਕੀਤੀ ਹੈ ਤਾਂਕਿ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਤਾਜ਼ਾ ਸਥਿਤੀ ਬਾਰੇ ਪਤਾ ਲੱਗ ਸਕੇ।
ਸ: ਢੀਂਡਸਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਥੇ ਅਫ਼ਗਾਨਿਸਤਾਨ ਵਿੱਚ 70ਵਿਆਂ `ਚ ਸਿੱਖਾਂ ਦੀ ਆਬਾਦੀ 5 ਲੱਖ ਦੇ ਲਗਭਗ ਸੀ, ਜਿਹੜੀ ਕੁੱਲ ਜਨਸੰਖਿਆ ਦਾ 4[6 ਫੀਸਦੀ ਬਣਦੀ ਸੀ ਉਹ ਗ੍ਰਹਿ ਯੁੱਧ ਕਾਰਨ ਅੱਜ ਕੇਵਲ 250 ਸਿੱਖਾਂ ਦੇ ਕਰੀਬ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਸਥਿਤੀ ਮੁਤਾਬਕ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇਸ਼ `ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਨਾਲ ਮੁਲਕ ਦੀਆਂ ਘੱਟ ਗਿਣਤੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਤਾਲਿਬਾਨ ਦੀ ਘੱਟ ਗਿਣਤੀਆਂ ਪ੍ਰਤੀ ਸੋਚ ਕਾਰਨ ਸਿੱਖਾਂ ਨੂੰ ਬੰਬ ਧਮਾਕਿਆਂ `ਚ ਮਾਰਿਆ ਅਤੇ ਅਗਵਾ ਕੀਤਾ ਜਾ ਰਿਹਾ ਹੈ। ਇਸਤੋਂ ਇਲਾਵਾ ਸਿੱਖਾਂ ਉੱਥੇ ਤਸ਼ਦੱਦ ਢਾਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਜਬਰੀ ਧਰਮ ਤਬਦੀਲ ਕੀਤਾ ਜਾ ਰਿਹਾ ਹੈ। ਗੁਰਧਾਮਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੇ ਵਿੱਚ ਸਿੱਖਾਂ ਦੀ ਟਾਂਵੀਂ-ਟਾਂਵੀ ਵਸਂੋ ਸਹਿਮ ਦੇ ਪਰਛਾਵੇਂ ਹੇਠ ਜਿੰ਼ਦਗੀ ਬਸਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਕੱਟੜਪੰਥੀ ਗਰੁੱਪਾਂ ਦੇ ਨਿਸ਼ਾਨੇ `ਤੇ ਰਹੇ ਘੱਟ ਗਿਣਤੀ ਸਿੱਖ ਭਾਰਤ ਸਮੇਤ ਕਈਂ ਮੁਲਕਾਂ ਵਿੱਚ ਹਿਜਰਤ ਕਰ ਗਏ ਹਨ ਪਰ ਹੁਣ ਬਾਕੀ ਰਹਿ ਗਏ ਸਿੱਖ ਭਾਰਤ ਵਿੱਚ ਪਨਾਹ ਲੈਣਾ ਚਾਹੁੰਦੇ ਹਨ। ਇਸ ਲਈ ਸਰਕਾਰ ਇਨ੍ਹਾਂ ਸਿੱਖਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਤੁਰੰਤ ਭਾਰਤ ਵਿੱਚ ਵਸਾਉਣ ਦਾ ਪ੍ਰਬੰਧ ਕਰੇ।

 

Leave a Reply

Your email address will not be published. Required fields are marked *