Thu. Sep 28th, 2023


 
ਅੰਮ੍ਰਿਤਸਰ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਸਾਨਾਂ ਨਾਲ ਦਿਨੋ ਦਿਨ ਹੋ ਰਹੇ ਧੱਕਿਆਂ ਸਬੰਧੀ ਤਿੱਖਾ ਪ੍ਰਤੀਕਰਮ ਦੇਂਦਿਆਂ ਕਿਹਾ ਕਿ ਮੁਜ਼ੱਫਰਨਗਰ ਵਿਖੇ ਕਿਸਾਨਾਂ ਦੀ ਮਹਾਂ ਪੰਚਾਇਤ ਨੇ ਹਿੰਦ ਸਰਕਾਰ ਦੀਆਂ ਅੱਖਾਂ ਝੁੰਧਆਂ ਦਿੱਤੀਆਂ ਹਨ।ਕਿਸਾਨ ਅੰਦੋਲਨ ਦਾ ਜ਼ਮੀਨੀ ਪੱਧਰ ਤੇ ਪ੍ਰਭਾਵ ਵੱਧ ਰਿਹਾ ਹੈ।ਤਿੰਨ ਖੇਤੀ ਕਾਨੂੰਨਾਂ ਖਿਲਾਫ ਅਤੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਉਤੇ ਖ਼ਰੀਦ ਦੀ ਗਰੰਟੀ ਦੀ ਮੰਗ ਨੂੰ ਲੈ ਕੇ ਪਿਛਲੇ ਸਾਢੇ ਨੌ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੇ ਮਹਾਂ ਪੰਚਾਇਤ ਕਰ ਕੇ ਯੂਪੀ ਮਿਸ਼ਨ ਦਾ ਜ਼ੋਰਦਾਰ ਤਰੀਕੇ ਨਾਲ ਰਸਮੀ ਐਲਾਨ ਕਰ ਦਿੱਤਾ ਹੈ ਕਿ ਕਿਸਾਨ ਮਸਲੇ ਦਾ ਹੱਲ ਨਹੀਂ ਤਾਂ ਵੋਟ ਨਹੀਂ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਭਾਜਪਾ ਸਰਕਾਰ ਵਲੋਂ ਕਰਨਾਲ ਵਿਚ ਜੋ ਦਾਦਾਗਿਰੀ ਵਿਖਾਈ ਗਈ ਹੈ ਉਸ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਉਹ ਕਿਸਾਨਾਂ ਨਾਲ ਕੋਈ ਹਮਦਰਦੀ ਨਹੀ ਰੱਖਦੀ ਤੇ ਨਾ ਹੀ ਮਸਲੇ ਦਾ ਨਿਪਟਾਰਾ ਕਰਨਾ ਚਾਹੁੰਦੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਦੇ ਵੱਧਦੇ ਪ੍ਰਭਾਵ ਨੂੰ ਠੱਲਣ ਲਈ ਅੰਦਰਖਾਤੇ ਦੇਸ਼ ਅੰਦਰ ਐਮਰਜੈਂਸੀ ਜਾਂ ਵੱਖ-ਵੱਖ ਗੈਰਭਾਜਪਾ ਸੂਬਿਆਂ ਵਿੱਚ ਗਵਰਨਰੀ ਰਾਜ ਲਾਗੂ ਕਰਨ ਲਈ ਕਮਰਕੱਸੇ ਕੀਤੇ ਜਾ ਰਹੇ ਹਨ, ਜੋ ਦੇਸ਼ ਨੂੰ ਜੋੜਨ ਦਾ ਨਹੀਂ ਤੋੜਨ ਦਾ ਕੰਮ ਹੋਵੇਗਾ।ਉਨ੍ਹਾਂ ਕਿਹਾ ਜਿਨਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਕਿਸਾਨਾਂ ਨੂੰ ਦੇਣਾ ਹੀ ਪੈਣਾ ਹੈ ਭਾਵੇਂ ਸਰਕਾਰ ਸਿਰਹਾਣੇ ਹੋਵੇ ਜਾਂ ਪੈਂਦੀ ਹੋਵੇ।ਉਨ੍ਹਾਂ ਕਿਹਾ ਕਿ ਕਿਸਾਨ ਹੁਣ ਸਰਕਾਰਾਂ ਨੂੰ ਜਵਾਬਦੇਹੀ ਤੋਂ ਮੂੰਹ ਨਹੀਂ ਮੋੜਨ ਦੇਣਗੇ।ਬਾਬਾ ਬਲਬੀਰ ਸਿੰਘ ਨੇ ਹੋਰ ਕਿਹਾ ਕਿਸਾਨਾਂ ਦੀਆਂ ਮਹਾਂਪੰਚਾਇਤਾਂ ਵਿੱਚਲਾ ਇਕੱਠ ਕਾਰਪੋਰੇਟ ਵਿਕਾਸਮਾਡਲ, ਤਾਕਤਾਂ ਦੇ ਕੇਂਦਰੀਕਰਨ ਅਤੇ ਫਿਰਕਾਪ੍ਰਸਤੀ ਖਿਲਾਫ ਸੱਦਾ ਦੇਸ਼ ਅੰਦਰ ਨਵੇਂ ਸਿਆਸੀ ਸਮੀਕਰਨਾਂ ਦਾ ਸੰਕੇਤ ਹੈ।
ਉਨ੍ਹਾਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਕਦੇ ਖਾਲਿਸਤਾਨੀ, ਕਦੇ ਅੰਦੋਲਨ ਮੁੱਠੀਭਰ ਕਿਸਾਨਾਂ ਦਾ ਪੰਜਾਬ ਤੀਕ ਸੀਮਤ ਹੈ ਕਹਿ ਛਟਿਆਉਂਦੀ ਆ ਰਹੀ ਹੈ।ਉਨ੍ਹਾਂ ਕਿਹਾ ਕਿਸਾਨਾਂ ਨੇ ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਫੈਸਲਾ ਕੀਤਾ ਸੀ ਕਿ ਜੇ ਹੁਣ ਭਾਰਤੀ ਜਨਤਾ ਪਾਰਟੀ ਨੂੰ ਵੋਟ ਸ਼ਕਤੀ ਦਾ ਮਾਣ ਹੈ ਤਾਂ ਫਿਰ ਕਿਸਾਨ ਵੋਟ ਦੀ ਚੋਟ ਨਾਲ ਚਨੌਤੀ ਦੇਣਗੇ ਅਤੇ ਯੂਪੀ ਵਿੱਚ ਕਿਸਾਨ ਭਾਜਪਾ ਵਿਰੁੱਧ ਮੁਹਿੰਮ ਚਲਾਉਣਗੇ।ਬਾਬਾ ਬਲਬੀਰ ਸਿੰਘ ਨੇ ਕਿਹਾ ਸਰਕਾਰ ਨੂੰ ਸਮੇਂ ਤੋਂ ਸਬਕ ਲੈਂਦਿਆਂ ਤੁਰੰਤ ਮੰਗਾਂ ਪਰਵਾਨ ਕਰ ਲੈਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਸਿੱਖਾਂ ਪ੍ਰਤੀ ਅੰਦਰੂਨੀ ਬਾਹਰੀ ਕਰੂਰ ਚਿਹਰਾ ਨੰਗਾ ਹੋ ਚੁੱਕਾ ਹੈ।ਜਲ੍ਹਿਆਂ ਵਾਲਾ ਬਾਗ ਵਿੱਚ ਸ਼ਹੀਦੀ ਖੂਹ ਨਾਲ ਕੀਤੀ ਛੇੜਛਾੜ ਅਤੇ ਸ਼ਹੀਦ ਊਧਮ ਸਿੰਘ ਦਾ ਮਾਰਸ਼ਲ ਬੁੱਤ ਲਗਾਉਣ ਦੀ ਜਗ੍ਹਾ ਉਸ ਦੀ ਦਸਤਾਰ ਬਦਲ ਦਿੱਤੀ ਗਈ ਹੈ, ਉਸ ਦੀ ਬਦੂੰਕ ਗਾਇਬ ਕਰ ਦਿੱਤੀ ਹੈ ਜੋ ਇਤਿਹਾਸਕ ਛੇੜਛਾੜ ਹੈ ਜੋ ਕਿਸੇ ਤਰਾਂ ਵੀ ਵਾਜਬ ਨਹੀਂ।ਜਲ੍ਹਿਆਂ ਵਾਲੇ ਬਾਗ ਵਿੱਚ ਆਉਣ ਵਾਲੇ ਸੈਲਾਨੀਆਂ, ਦਰਸ਼ਕਾਂ ਨੂੰ ਇਸ ਨਾਲ ਗੁੰਮਰਾਹ ਕੁੰਨ ਜਾਣਕਾਰੀ ਮਿਲੇਗੀ।

 

Leave a Reply

Your email address will not be published. Required fields are marked *