ਨਵੀਂ ਦਿੱਲੀ-ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਬਚਾਅ ਕਰਨ ਲਈ ਪੱਬਾਂ ਭਾਰ ਹੈ ਤੇ ਉਸ ਵੱਲੋਂ 10 ਸਾਲਾਂ ਤੋਂ ਜਿਣਸੀ ਸੋਸ਼ਲ ਕਰਨ ਦੀ ਸ਼ਿਕਾਇਤ ਕਰਨ ਵਾਲੇ ਦੀ ਲਿਖਤੀ ਬੇਨਤੀ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਿਕਾਇਤਕਰਤਾ ਐਸ ਆਈ ਟੀ ਅੱਗੇ ਪੇਸ਼ ਹੋਣ ਨੂੰ ਤਿਆਰ ਨਹੀਂ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਐਸ ਆਈ ਟੀ ਮੁਖੀ ਡੀ ਆਈ ਜੀ ਨਰਿੰਦਰ ਭਾਰਗਵ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ ਤੇ ਕਿਹਾ ਹੈ ਕਿ ਉਸਦੇ ਬਿਆਨ ਨੂੰ ਕਟਾਰੂਚੱਕ ਖਿਲਾਫ ਸ਼ਿਕਾਇਤ ਮੰਨਿਆ ਜਾਵੇ। ਉਸਨੇ ਐਸ ਆਈ ਟੀ ਨੂੰ ਦੱਸਿਆ ਕਿ ਕਟਾਰੂਚੱਕ 2013 ਤੋਂ ਉਸਦਾ ਜਿਣਸੀ ਸੋਸ਼ਣ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਹ ਪੰਜਾਬ ਤੋਂ ਇਸ ਕਰ ਕੇ ਬਾਹਰ ਹੈ ਕਿਉਂਕਿ ਉਸਨੂੰ ਡਰ ਹੈ ਕਿ ਮੰਤਰੀ ਉਸਦਾ ਤੇ ਉਸਦੇ ਪਰਿਵਾਰ ਦਾ ਕਤਲ ਕਰਵਾ ਸਕਦਾ ਹੈ ਕਿਉਂਕਿ ਇਹ ਬਹੁਤ ਸ਼ਕਤੀਸ਼ਾਲੀ ਲੋਕ ਹਨ ਜੋ ਉਹਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਸਕਦੇ ਹਨ।
ਸਿਰਸਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੇ ਤੇ ਆਪਣੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਕਿਉਂਕਿ ਜਿਸ ਦਿਨ ਤੋਂ ਮੰਤਰੀ ਵੱਲੋਂ ਉਸਦਾ ਜਿਣਸੀ ਸੋਸ਼ਣ ਕਰਨ ਦੀ ਵੀਡੀਓ ਜਨਤਕ ਹੋਈ ਹੈ, ਉਸ ਦਿਨ ਤੋਂ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਇਹ ਵੀਡੀਓ ਅਸਲ ਹਨ ਤੇ ਇਹਨਾਂ ਨੂੰ ਕਟਾਰੂਚੱਕ ਦੇ ਖਿਲਾਫ ਸਬੂਤ ਮੰਨਿਆ ਜਾਣਾ ਚਾਹੀਦਾ ਹੈ।
ਭਾਜਪਾ ਆਗੂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਐਸ ਆਈ ਟੀ ਨੂੰ ਕਿਹਾ ਹੈ ਕਿ ਉਹ ਵੀਡੀਓ ਕਾਨਫਰੰਸਿੰਗ ਜ਼ਰੀਏ ਜਾਂ ਫਿਰ ਦਿੱਲੀ ਵਿਚ ਕਿਤੇ ਵੀ ਜਿਥੇ ਮਾਹੌਲ ਸੁਰੱਖਿਅਤ ਹੋਵੇ, ਬਿਆਨ ਦੇਣ ਵਾਸਤੇ ਤਿਆਰ ਹੈ ਪਰ ਉਸਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਪੀੜਤ ਦੀ ਅਪੀਲ ’ਤੇ ਕਾਰਵਾਈ ਕਰਨ ਦੇ ਭਗਵੰਤ ਮਾਨ ਸਰਕਾਰ ਇਹ ਅਫਵਾਹਾਂ ਫੈਲਾ ਰਹੀ ਹੈ ਕਿ ਪੀੜਤ ਤੇ ਉਸਦਾ ਪਰਿਵਾਰ ਪੁਲਿਸ ਨੂੰ ਨਹੀਂ ਲੱਭ ਰਿਹਾ।
ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਟਾਰੂਚੱਕ ਖਿਲਾਫ ਕੋਈ ਕਾਰਵਾਈ ਨਾ ਕਰਨ ਦੀ ਆਪਣੀ ਜ਼ਿੱਦ ਛੱਡਣ ਤੇ ਉਸਨੂੰ ਤੁਰੰਤ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰ ਕੇ ਉਸ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਪੁਲਿਸ ਨੂੰ ਹਦਾਇਤਾਂ ਜਾਰੀ ਕਰਨ।