`
ਨਵੀਂ ਦਿੱਲੀ-ਨਾਂਦੇੜ ਸਾਹਿਬ ਦੇ ਆਈ ਜੀ ਨੇ ਹੋਲੇ ਮੁਹੱਲੇ ‘ਤੇ ਤਖ਼ਤ ਸ੍ਰੀਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਚ ਗ੍ਰਿਫਤਾਰ ਕੀਤੇ ਬੇਕਸੂਰ ਨੌਜਵਾਨਾਂ ਦੀ ਤੁਰੰਤ ਰਿਹਾਈ ਦਾ ਭਰੋਸਾ ਦਿੱਲੀ ਗੁਰਦੁਆਰਾਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਉਹਨਾਂ ਨੁੰ ਮਿਲੇ ਵਫਦ ਨੁੰ ਦੁਆਇਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਦਿੱਲੀ ਗੁਰਦੁਆਰਾ ਕਮੇਟੀ ਤੇ ਸਥਾਨਕ ਸਿੰਖ ਆਗੂਆਂ ਦੇ ਵਫਦ ਵੱਲੋਂ ਆਈ ਜੀ ਨਿਸਾਰ ਤੰਬੋਲੀ ਨਾਲ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਦੌਰਾਨ ਵਫਦ ਨੇ ਆਈ ਜੀ ਨੂੰ ਦੱਸਿਆ ਕਿ ਸਿੱਖ ਕੌਮ ਤਾਂ ਧੱਕੇਸ਼ਾਹੀ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਕੌਮ ਹੈ ਤੇ ਇਸ ਕੇਸ ਵਿਚ ਸਿੱਖ ਨੌਜਵਾਨ ਨਜਾਇਜ਼ ਗ੍ਰਿਫਤਾਰ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਆਈ ਜੀ ਨੇ ਸਾਨੂੰ ਕਿਹਾ ਹੈ ਕਿ ਉਹ ਨਜਾਇਜ਼ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੇ ਨਾਂ ਤੇ ਸਬੂਤ ਉਹਨਾਂਨੁੰ ਪ੍ਰਦਾਨ ਕਰਨ, ਅਜਿਹੇ ਨੌਜਵਾਨਾਂ ਤੇ ਹੋਰਨਾਂ ਦੀ ਰਿਹਾਈ ਤੁਰੰਤ ਯਕੀਨੀ ਬਣਾਈ ਜਾਵੇਗੀ। ਉਹਨਾਂ ਦੱਸਿਆ ਕਿ ਸਾਡੀ ਟੀਮ ਇਹ ਸੂਚੀ ਤਿਆਰ ਕਰ ਰਹੀ ਹੈ ਤੇ ਟੀਮ ਵਿਚ ਯੂਨਾਈਟਡ ਸਿੱਖਸ ਦੇ ਅਮਨਦੀਪ ਪਾਲ ਸਿੰਘ ਵਿਸ਼ੇਸ਼ ਯਤਨ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਮਿਲਣ ਵਾਲੇ ਵਫਦ ਵਿਚ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਤੋਂ ਇਲਾਕਾ ਸਥਾਨਕ ਆਗੂ ਲੱਡੂ ਸਿੰਘ ਮਹਾਜਨ ਵੀ ਸ਼ਾਮਲ ਸਨ।
ਉਹਨਾਂ ਇਹ ਵੀ ਦੱਸਿਆ ਕਿ ਨਜਾਇਜ਼ ਗ੍ਰਿਫਤਾਰ ਕੀਤੇ ਨੌਜਵਾਨਾਂ ਵਿਚ ਇਕ ਫੋਟੋਗ੍ਰਾਫਰ ਵੀ ਹੈ ਜਿਸਦਾ ਨਵਾਂ ਵਿਆਹ ਹੋਇਆ ਹੈ, ਇਕ ਨਵੀਨਾ ਘਾਟ ਦੇ ਗ੍ਰੰਥੀ ਪਰਮਜੀਤ ਸਿੰਘ ਵੀ ਹਨ, ਇਸੇ ਤਰੀਕੇ ਇਕ ਹੋਰ ਨੌਜਵਾਨ ਤੇ ਉਸਦੇ ਪਿਤਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜੋ ਨਜਾਇਜ਼ ਗ੍ਰਿਫਤਾਰ ਕੀਤੇ ਗਏ ਹਨ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਅਸੀਂ ਜਲਦੀ ਹੀ ਨਜਾਇਜ਼ ਫੜੇ ਨੌਜਵਾਨਾਂ ਤੇ ਹੋਰਨਾਂ ਦੀ ਸੁਚੀ ਆਈ ਜੀ ਨੁੰ ਦੇਵਾਂਗੇ ਤੇ ਯਕੀਨੀ ਬਣਾਵਾਂਗੇ ਕਿ ਇਹ ਸਾਰੇ ਸਿੰਘ ਜਲਦੀ ਤੋਂ ਜਲਦੀ ਰਿਹਾਅ ਹੋਣਗੇ।
ਉਹਨਾਂ ਇਹ ਵੀ ਦੱਸਿਆ ਕਿ ਜਲਦੀ ਹੀ ਦਿੱਲੀ ਗੁਰਦੁਆਰਾ ਕਮੇਟੀ ਦਾ ਵਫਦ ਮਹਾਰਾਸ਼ਟਰ ਦੇ ਘਾਗ ਆਗੂ ਸ਼ਰਦ ਪਵਾਰ ਨਾਲ ਵੀ ਮੁਲਾਕਾਤ ਕਰਨਗੇ ਤੇ ਉਹਨਾਂ ਨੁੰ ਸਾਰੇ ਮਾਮਲੇ ਤੋਂ ਜਾਣੂ ਕਰਵਾਉਣਗੇ। ਉਹਨਾਂ ਨੇ ਇਸ ਮਾਮਲੇ ਵਿਚ ਫੌਰੀ ਸੁਣਵਾਈ ਲਈ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ, ਡੀ ਜੀ ਪੀ ਤੇ ਆਈ ਜੀ ਨਾਂਦੇੜ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕੀਤਾ।