ਨਵੀਂ ਦਿੱਲੀ -ਕੱਲ੍ਹ ਲੋਕ ਸਭਾ ਵਿਚ  ਇੱਕ ਸਵਾਲ (ਨੰਬਰ337)ਦਾ ਲਿਖਤੀ ਜਵਾਬ ਦਿੰਦਿਆਂ ਖੇਤੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਤਰਾਸਦੀ ਇਹ ਹੈ ਕਿ ਇਹ ਗੱਲ  ਅਸਲੋਂ ਸੱਚ ਹੈ।  ਕੇਂਦਰ ਵਿੱਚ ਸੱਤਾਧਾਰੀ ਪਾਰਟੀ ਵਜੋਂ ਅਤੇ ਵੱਖ ਵੱਖ ਸੂਬਿਆਂ ਵਿੱਚ ਇਸ ਪਾਰਟੀ ਦੇ  ਸੂਬਾਈ ਯੂਨਿਟਾਂ ਨੇ ਸੱਚਮੁਚ ਹੀ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ; ਕਿਸਾਨ ਆਗੂਆਂ ‘ਤੇ ਝੂਠੇ ਕੇਸ ਦਰਜ ਕੀਤੇ ਹਨ; ਉਨ੍ਹਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੈ; ਮੋਰਚਿਆਂ ਵਾਲੀਆਂ ਥਾਵਾਂ ‘ਤੇ ਰਾਸ਼ਨ ਤੇ ਹੋਰ ਸਪਲਾਈ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ; ਬੈਰੀਕੇਡਾਂ ਨਾਲ ਮੋਰਚਿਆਂ ਦੀ ਘੇਰਾਬੰਦੀ ਕੀਤੀ ਹੈ ਅਤੇ ਅਜਿਹਾ ਹੋਰ ਬਹੁਤ ਕੁੱਝ ਕੀਤਾ ਹੈ। ਕਿਸਾਨਾਂ ਨੂੰ ਬਦਨਾਮ ਕਰਨ ਲਈ ਸਰਕਾਰ ਨੇ ਆਪਣਾ ਅੱਡੀ ਚੋਟੀ ਦਾ ਜੋਰ ਲਾਇਆ ਹੈ। ਦੂਸਰੀ ਤਰਫ  ਸਰਕਾਰ ਵੱਲੋਂ ਦਿੱਤੇ ਗਏ ਕਈ ਸਵਾਲਾਂ ਦੇ ਜਵਾਬ ਬਹੁਤ ਸ਼ਰਮਨਾਕ ਹਨ।

ਕਿਸਾਨ ਪ੍ਰਤੀਨਿਧੀਆਂ ਨਾਲ ਕਈ ਵਾਰ ਮੰਗਾਂ ਬਾਰੇ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਨੇ ਸੰਸਦ ਵਿੱਚ ਕਿਸਾਨ ਅੰਦੋਲਨ ਦੀਆਂ ਮੰਗਾਂ ਨੂੰ ਠੀਕ ਤਰ੍ਹਾਂ ਪੇਸ਼ ਤੱਕ ਨਹੀਂ ਕੀਤਾ। ਘੱਟੋ ਘੱਟ ਸਮਰਥਨ ਮੁੱਲ  ਬਾਰੇ ਸੰਯੁਕਤ ਕਿਸਾਨ ਮੋਰਚੇ ਦਾ ਇਹ ਬਿਲਕੁੱਲ ਸਪੱਸ਼ਟ ਸਟੈਂਡ ਰਿਹਾ ਹੈ ਕਿ ਕਿਸਾਨ ਅੰਦੋਲਨ ਸਾਰੀਆਂ ਖੇਤੀ ਫਸਲਾਂ ਲਈ, ਸਾਰੇ ਕਿਸਾਨਾਂ ਵਾਸਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦਾ ਹੈ ਅਤੇ ਇਹ ਐਮਐਸਪੀ ਸੀ ਟੂ ਪਲੱਸ 50% ( C2+ 50%) ਫਾਰਮੂਲੇ ਅਨੁਸਾਰ ਤਹਿ ਕੀਤੀ ਜਾਵੇ। ਮੁਲਕ ਵਿੱਚ ਇਸ ਮੰਗ ਬਾਰੇ  ਪਹਿਲਾਂ ਹੀ।ਵਿਆਪਕ ਬਹਿਸ ਹੋ ਚੁੱਕੀ ਹੈ। ਪਰ ਸਰਕਾਰ ਨੇ ਇਸ ਮੰਗ ਨੂੰ ਇਨ੍ਹਾਂ ਸ਼ਬਦਾਂ ‘ਚ ਪੇਸ਼ ਕੀਤਾ – ”ਘੱਟੋ ਘੱਟ ਸਮਰਥਨ ਮੁੱਲ  ‘ਤੇ ਖਰੀਦ ਦੇ ਮਸਲੇ ਸਬੰਧੀ–‘!

ਇਸ ਤੋਂ ਵੀ ਵਧੇਰੇ ਸ਼ਰਮਨਾਕ ਤੇ ਅਫਸੋਸਨਾਕ ਗੱਲ  ਸਰਕਾਰ ਦਾ ਇਹ ਬਿਆਨ ਹੈ ਕਿ ਉਸ ਕੋਲ ਉਨ੍ਹਾਂ ਸੰਘਰਸਸ਼ੀਲ ਕਿਸਾਨਾਂ ਬਾਰੇ ਕੋਈ ਅੰਕੜਾ ਨਹੀਂ ਹੈ ਜਿਨ੍ਹਾਂ ਦੀ ਇਸ ਅੰਦੋਲਨ ਦੌਰਾਨ ਮੌਤ ਹੋ ਗਈ। ਸੰਯੁਕਤ ਕਿਸਾਨ ਮੋਰਚਾ ਮੰਤਰੀ ਤੋਮਰ ਨੂੰ, ਉਸਦੇ ਸਾਥੀਆਂ ਤੇ ਅਫਸਰਾਂ ਨੂੰ ਯਾਦ ਕਰਵਾਉਣਾ ਚਾਹੁੰਦਾ ਹੈ ਕਿ ਦਸੰਬਰ 2020 ਦੀ ਇੱਕ ਮੀਟਿੰਗ ਦੌਰਾਨ ਸਾਰੇ ਸਰਕਾਰੀ ਡੈਲੀਗੇਸ਼ਨ ਨੇ, ਅੰਦੋਲਨ ਦੇ ਉਸ ਵਕਤ ਤੱਕ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਧਾਰਿਆ ਸੀ। ਹੋ ਸਕਦਾ ਹੈ ਕਿ ਨਿਰਦਈ ਸਰਕਾਰ ਨੇ ਇਸ ਘਟਨਾ ਦਾ ਰਿਕਾਰਡ ਨਾ ਰੱਖਿਆ ਹੋਵੇ ਪਰ ਕਿਸਾਨ ਅੰਦੋਲਨ ਆਪਣੇ ਜਨਤਕ ਬਲੌਗ ਉਪਰ ਕਿਸਾਨਾਂ ਦੀਆਂ ਮੌਤਾਂ ਬਾਰੇ ਜਾਣਕਾਰੀ ਜਨਤਕ ਕਰਦਾ ਰਹਿੰਦਾ ਹੈ। ਅਸਲ ਵਿੱਚ ਸਰਕਾਰ ਕੋਲ ਅਤੇ ਕਈ ਹੋਰ ਥਾਵਾਂ ‘ਤੇ ਇਸ ਬਾਰੇ ਜਾਣਕਾਰੀ ਉਪਲਬਧ ਹੈ। ਫਿਰ ਵੀ ਜੇਕਰ ਸਰਕਾਰ ਇਹ ਜਾਣਨਾ ਤੇ ਇਸ ਉਪਰ ਕੋਈ ਅਮਲ ਕਰਨਾ ਚਾਹੁੰਦੀ ਹੈ ਤਾਂ ਹੇਠਲੇ ਲਿੰਕ ਉਪਰ ਇਹ ਜਾਣਕਾਰੀ ਮਿਲ ਸਕਦੀ ਹੈ।https:// humancostoffarmerprotedt.blogspot.com I ਇਸ ਸੰਘਰਸ਼ ਦੌਰਾਨ 10 ਜੁਲਾਈ 2021 ਤੱਕ 537 ਕਿਸਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।

ਮੰਤਰੀ ਤੋਮਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ” ਸਰਕਾਰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਅਤੇ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਕਰਨ ਦੇ ਰਾਹ ਹਮੇਸ਼ਾ ਖੁੱਲੇ ਹਨ।” ਜੇਕਰ ਸੱਚਮੁੱਚ ਇਹ ਗੱਲ ਹੈ ਤਾਂ ਕੀ ਕਾਰਨ ਹੈ ਕਿ ਛੇ ਮਹੀਨੇ  ਤੋਂ, ਯਾਨੀ 22 ਜਨਵਰੀ 2021 ਤੋਂ ਬਾਅਦ ਕਿਸਾਨਾਂ ਨਾਲ ਕੋਈ ਗੱਲਬਾਤ ਕਿਉਂ ਨਹੀਂ ਕੀਤੀ ਗਈ। ਅਤੇ ਮੁੱਖ ਸਵਾਲ ਜਿਸ ਦਾ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ, -ਕਿਉਂਕਿ ਇਸ ਸਵਾਲ ਦਾ ਸਰਕਾਰ ਕੋਲ ਕੋਈ ਤਰਕਸੰਗਤ ਜਵਾਬ ਨਹੀਂ ਹੈ, ਕਿ  ਸਰਕਾਰ  ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਰੱਦ ਕਿਉਂ ਨਹੀਂ ਕਰਨਾ ਚਾਹੁੰਦੀ।

ਇਕ ਹੋਰ ਸਵਾਲ ( ਨੰਬਰ 297) ਦੇ ਜਵਾਬ ਵਿੱਚ ਮੰਤਰੀ ਨੇ ਪਿਛਲੇ ਤਿੰਨ ਸਾਲ ਦੌਰਾਨ ਐਮਐਸਪੀ ਵਿੱਚ ਕੀਤੇ ਫੀ ਸਦੀ ਵਾਧਿਆਂ ਦੀ ਗੱਲ ਕੀਤੀ। ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਸ ਸਰਕਾਰ ਦੁਆਰਾ ਐਮਐਸਪੀ ਵਿਚ ਕੀਤੇ ਗਏ ਵਾਧੇ ਮੁਦਰਾ ਸਫੀਤੀ ਦੀ ਦਰ ਤੋਂ ਵੀ ਹੇਠਾਂ ਰਹੇ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਇਹ ਗੱਲ ਵਾਰ ਵਾਰ ਸਪੱਸ਼ਟ ਕਰ ਚੁੱਕਾ ਹੈ।

ਕੱਲ੍ਹ ਤੋਂ, ਸੰਸਦ ਦੀ ਕਾਰਵਾਈ ਵਾਲੇ ਦਿਨਾਂ ਦੌਰਾਨ,   ਹਰ ਰੋਜ 200 ਕਿਸਾਨਾਂ ਦੇ ਜਥੇ ਜੰਤਰ ਮੰਤਰ ਲਈ ਰਵਾਨਾ ਹੋਇਆ ਕਰਨਗੇ ਜਿਥੇ ਉਹ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਿਆ ਕਰਨਗੇ ਅਤੇ ਕਿਸਾਨ ਸੰਸਦ ਦੀ ਕਾਰਵਾਈ ਚਲਾਇਆ ਕਰਨਗੇ। ਇਹ ਸਿਲਸਿਲਾ ਸੰਸਦ ਦੇ ਸ਼ੈਸਨ ਖਤਮ ਹੋਣ ਤੱਕ ਚਲੇਗਾ। ਇਸ ਸਬੰਧੀ ਤਿਆਰੀਆਂ ਜੋਰਾਂ ‘ਤੇ ਹਨ।

ਕਿਸਾਨ ਸੰਸਦ ਨਾਲ ਇਕਜੁਟਤਾ ਪ੍ਰਗਟਾਉਣ ਲਈ  ਕੇਰਲਾ ਦੀ ਜਥੇਬੰਦੀ’ ਕਰਸਕਾ ਪਰਕਸੋਭਾ ਏਕਾਧਾਰਿਆ ਸੰਮਤੀ’ ਕੇਰਲਾ ਦੇ ਸਾਰੇ 14 ਜਿਲ੍ਹਾ ਹੈਡਕੁਆਰਟਰਾਂ ‘ਤੇ  ਅਤੇ ਬਲਾਕ ਪੱਧਰ ‘ਤੇ ਕੇਂਦਰੀ ਸਰਕਾਰ ਦੇ ਦਫਤਰਾਂ ਮੂਹਰੇ ਧਰਨੇ ਦੇਵੇਗੀ। ਸੰਸਦ  ਪ੍ਰਦਰਸ਼ਨਾਂ ਵਿੱਚ ਭਾਗ ਲੈਣ ਲਈ ਕੇਰਲਾ ਤੋਂ ਕਿਸਾਨਾਂ ਦੇ ਦੋ ਜਥੇ  ਦਿੱਲੀ ਲਈ ਰਵਾਨਾ ਹੋ ਚੁੱਕੇ ਹਨ। ਇਸੇ ਤਰ੍ਹਾਂ ਕਰਨਾਟਕਾ, ਤਾਮਿਲਨਾਡੂ ਤੇ ਦੂਰ ਵਾਲੇ ਦੂਸਰੇ ਸੂਬਿਆ ਤੋਂ ਕਿਸਾਨਾਂ ਦੇ ਜਥੇ ਪਹੁੰਚ ਰਹੇ ਹਨ।

ਅੰਦੋਲਨ ਦੀ ਮਜਬੂਤੀ ਲਈ ਮੋਰਚੇ ਵਾਲੀਆਂ ਥਾਵਾਂ ‘ਤੇ ਹਰ ਰੋਜ਼ ਹੋਰ ਵਧੇਰੇ ਕਿਸਾਨ ਪਹੁੰਚ ਰਹੇ ਹਨ। ਕੱਲ੍ਹ ਯਮੁਨਾਨਗਰ ਤੋਂ ਬੀਕੇਯੂ ਚੜੂਨੀ ਦਾ ਇਕ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ। ਦੂਸਰੇ ਮੋਰਚਿਆਂ ਉਪਰ ਵੀ ਲਾਮਬੰਦੀ ਵਧ ਰਹੀ ਹੈ।

ਸਿਰਸਾ ਵਿੱਚ ਬਲਦੇਵ ਸਿੰਘ ਸਿਰਸਾ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਦਾ ਅੱਜ ਚੌਥਾ ਦਿਨ ਸੀ। ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਪ੍ਰਦਰਸ਼ਨਕਾਰੀਆਂ
ਨੇ ਤਿੰਨ ਵੱਖ ਵੱਖ ਥਾਵਾਂ ‘ਤੇ ਅੱਜ ਸਵੇਰੇ ਦੋ ਘੰਟੇ ਲਈ ਸੜਕਾਂ ਜਾਮ ਕੀਤੀਆਂ। ਇਨ੍ਹਾਂ ਥਾਵਾਂ ‘ਚ ਭਾਵਦੀਨ ਤੇ ਖੂਹੀਆਂ ਮਲਕਾਣਾ ਟੋਲ ਪਲਾਜਾ ਤੇ ਪੰਜੂਆਣਾ ਪਿੰਡ ਸ਼ਾਮਲ ਹਨ ਜਿਥੇ 9 ਤੋਂ 11 ਵਜੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ। ਸ.ਕ.ਮੋਰਚਾ ਮੰਗ ਕਰਦਾ ਹੈ ਕਿ ਗ੍ਰਿਫਤਾਰ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ।

ਕੱਲ੍ਹ ਅਲਵਰ ਵਿਖੇ ਰਾਜਸਥਾਨ ਬੀਜੇਪੀ ਦਾ ਸੂਬਾਈ ਪ੍ਰਧਾਨ ਜਤੀਸ਼ ਪੂਨੀਆ ਨੂੰ ਕਾਲੇ ਝੰਡੇ ਦਿਖਾਏ ਗਏ। ਸੰਯੁਕਤ ਕਿਸਾਨ ਮੋਰਚੇ ਨੇ ਬੀਜੇਪੀ ਨੂੰ ਚਿਤਾਵਨੀ ਦਿੱਤੀ ਹੈ ਕਿ ਬੀਜੇਪੀ ਸਰਕਾਰ ਦੇ ਜਾਬਰ ਵਤੀਰੇ ਵਿਰੁੱਧ ਕਿਸਾਨਾਂ ਵਿੱਚ ਗੁੱਸਾ ਤੇ ਨਫਰਤ ਵਧ ਰਹੀ ਹੈ ।

ਅੱਜ ਗਾਜੀਪੁਰ ਮੋਰਚੇ ‘ਤੇ, ਜਿਥੇ ਕਰਨਾਟਕ ਰਾਜ ਰੈਥਾ ਸੰਘ ਜਥੇਬੰਦੀ ਦੇ ਕਾਰਕੁੰਨ ਮੋਰਚੇ ‘ਚ ਭਾਗ ਲੈ ਰਹੇ ਹਨ, ਸੰਨ 1980 ਵਿੱਚ ਕਰਨਾਟਕਾ ਦੇ ਗਾਦਾਗ ਜਿਲ੍ਹੇ ਦੇ ਨਰਗੁੰਡ ਕਸਬੇ ‘ਚ ਪੁਲਿਸ ਗੋਲੀਬਾਰੀ ‘ਚ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਇਤਿਹਾਸਕ ਕਿਸਾਨ ਅੰਦੋਲਨ ਦੀ ਭਾਵਨਾ ਦੇ ਅਨੁਰੂਪ, ਕੱਲ੍ਹ ਯਮੁਨਾਨਗਰ ਤੋਂ ਦਿਵਿਆਂਗ ਕਿਸਾਨ ਮਲਕੀਤ ਸਿੰਘ ਸਿੰਘੂ ਬਾਰਡਰ ‘ਤੇ ਪਹੁੰਚਿਆ ਅਤੇ ਆਪਣੇ ਆਪ ਨੂੰ ਕਿਸਾਨ ਅੰਦੋਲਨ ਦੀ ਕਿਸੇ ਵੀ ਤਰ੍ਹਾਂ ਦੀ ਸੇਵਾ ਲਈ ਸਮਰਪਿਤ ਕੀਤਾ। ਉਸ ਨੇ ਕਿਹਾ ਕਿ ਉਹ ਅੰਦੋਲਨ ਲਈ ਕੋਈ ਵੀ ਸੇਵਾ ਕਰਨ ਨੂੰ, ਇੱਥੋਂ ਤੱਕ ਕੇ ਜਾਨ ਦੇਣ ਨੂੰ ਵੀ ਤਿਆਰ ਹੈ।

Leave a Reply

Your email address will not be published. Required fields are marked *