ਨਵੀਂ ਦਿੱਲੀ-“ਹਿਮਾਚਲ ਦੇ ਵਜੀਰ ਸ੍ਰੀ ਵਿਕਰਮਦਿੱਤਿਆ ਸਿੰਘ ਵੱਲੋਂ ਇਹ ਕਿਹਾ ਗਿਆ ਸੀ ਕਿ ਉਹ ਯੂਨੀਵਰਸਲ ਸਿਵਲ ਕੋਡ ਦੇ ਪੂਰਨ ਹੱਕ ਵਿਚ ਹਨ, ਪਰ ਹੁਣ ਉਨ੍ਹਾਂ ਦਾ ਬਿਆਨ ਆਇਆ ਹੈ ਕਿ ਜੋ ਇਸ ਵਿਸੇ ਤੇ ਕਾਂਗਰਸ ਦੀ ਨੀਤੀ ਹੋਵੇਗੀ, ਉਸ ਉਤੇ ਹੀ ਪਹਿਰਾ ਦਿੱਤਾ ਜਾਵੇਗਾ । ਕਹਿਣ ਤੋ ਭਾਵ ਹੈ ਕਿ ਜਦੋ ਵੀ ਹਿੰਦੂਤਵ ਇੰਡੀਅਨ ਸਟੇਟ ਉਤੇ ਕਾਬਜ ਮੁਤੱਸਵੀ ਸੋਚ ਵਾਲੇ ਹੁਕਮਰਾਨ ਅਤੇ ਸਿਆਸੀ ਪਾਰਟੀਆਂ ਨੇ ਕੋਈ ਘੱਟ ਗਿਣਤੀ ਕੌਮ ਵਿਰੋਧੀ ਅਮਲ ਕੀਤਾ, ਤਾਂ ਇਹ ਸਾਰੇ ਹਿੰਦੂਤਵੀਏ ਭਾਵੇ ਉਹ ਕਾਂਗਰਸ ਵਿਚ ਹੋਣ, ਭਾਵੇ ਬੀਜੇਪੀ-ਆਰ.ਐਸ.ਐਸ, ਭਾਵੇ ਆਮ ਆਦਮੀ ਪਾਰਟੀ ਜਾਂ ਹੋਰ ਸੰਗਠਨਾਂ ਵਿਚ ਸਭਨਾਂ ਦੀ ਬੋਲੀ ਤੇ ਅਮਲ ਇਕੋ ਜਿਹੇ ਹੋ ਜਾਂਦੇ ਹਨ । ਜਿਵੇਕਿ ਅੱਜ ਸਭ ਹਿੰਦੂਤਵ ਜਮਾਤਾਂ ਅਤੇ ਉਨ੍ਹਾਂ ਦੇ ਆਗੂ ਯੂਨੀਵਰਸਲ ਸਿਵਲ ਕੋਡ ਦੇ ਮਨੁੱਖਤਾ ਵਿਰੋਧੀ ਅਤੇ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾ ਨੂੰ ਕੁੱਚਲਣ ਵਾਲੇ ਇਸ ਕਾਨੂੰਨ ਦੇ ਵਿਸੇ ਉਤੇ ਸਭ ਉਸੇ ਤਰ੍ਹਾਂ ਇਕ ਹਨ ਜਿਵੇ 1947 ਵਿਚ ਮੁਲਕ ਦੀ ਹੋਈ ਵੰਡ ਸਮੇ ਮੁਸਲਿਮ ਕੌਮ ਇਕ ਸੀ ਅਤੇ ਪੂਰੀ ਤਿਆਰੀ ਵਿਚ ਸੀ। ਜਦੋਕਿ ਉਸ ਸਮੇ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਤਿਆਰੀ ਨਹੀ ਸੀ । ਉਸ ਸਮੇ ਮੇਰੇ ਬਾਪੂ ਜੀ ਸ. ਜੋਗਿੰਦਰ ਸਿੰਘ ਮਾਨ ਵੱਲੋ ਹਥਿਆਰਾਂ ਦੇ ਤਿੰਨ ਸੈਟ ਜਿਨ੍ਹਾਂ ਵਿਚ ਵੱਡੇ ਮਾਰੂ ਹਥਿਆਰ ਸਨ, ਦੀ ਵਰਤੋ ਕਰਦੇ ਹੋਏ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਬਚਾਕੇ ਇੱਧਰ ਲਿਆਏ ਸਨ । ਪਰ ਸਿੱਖ ਕੌਮ ਇਸ ਹੋਣ ਵਾਲੀ ਵੰਡ ਦੇ ਨਤੀਜਿਆ ਪ੍ਰਤੀ ਬਿਲਕੁਲ ਵੀ ਸੁਚੇਤ ਨਹੀ ਸੀ । ਉਸ ਸਮੇ ਮੁਸਲਿਮ ਕੌਮ ਵੱਲੋ ਇਸ ਵੰਡ ਦੇ ਨਤੀਜਿਆ ਦਾ ਸਾਹਮਣਾ ਕਰਨ, ਪਾਕਿਸਤਾਨ ਵਿਚੋ ਹਿੰਦੂਆਂ ਦੀ ਵੱਢ ਟੁੱਕ ਕਰਕੇ ਦਹਿਸਤ ਪਾਉਣ ਲਈ ਪੂਰੀ ਤਿਆਰੀ ਵਿਚ ਸੀ । ਉਸ ਸਮੇ ਸਿੱਖ ਕੌਮ ਇਸ ਗੰਭੀਰ ਵਿਸੇ ਤੇ ਅਵੇਸਲੀ ਸੀ ਅਤੇ ਅੱਜ ਜਦੋ ਉਸੇ ਤਰ੍ਹਾਂ ਦੀ ਸਾਜਿਸ ਅਧੀਨ ਹਿੰਦੂਤਵ ਹੁਕਮਰਾਨ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਨਾਲ ਯੂਨੀਵਰਸਲ ਸਿਵਲ ਕੋਡ ਨੂੰ ਲਾਗੂ ਕਰਨ ਦੇ ਬਹਾਨੇ ਜ਼ਬਰ ਢਾਹੁਣ ਲਈ ਤਿਆਰ ਹਨ, ਤਾਂ ਅੱਜ ਵੀ ਸਿੱਖ ਕੌਮ ਤੇ ਹੋਰ ਘੱਟ ਗਿਣਤੀ ਕੌਮਾਂ ਉਸੇ ਤਰ੍ਹਾਂ ਅਵੇਸਲੀਆਂ ਹਨ ਜੋ ਕਿ ਅਤਿ ਦੁੱਖਦਾਇਕ ਹੈ । ਇਸ ਲਈ ਮਨੁੱਖਤਾ ਵਿਰੋਧੀ ਯੂਨੀਵਰਸਲ ਸਿਵਲ ਕੋਡ ਨੂੰ ਰੱਦ ਕਰਵਾਉਣ ਅਤੇ ਆਉਣ ਵਾਲੇ ਸਮੇ ਵਿਚ ਹੁਕਮਰਾਨਾਂ ਵੱਲੋ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਢਾਹੁਣ ਦੀਆਂ ਸਾਜਿਸਾ ਦਾ ਸਹੀ ਸਮੇ ਤੇ ਸਹੀ ਜੁਆਬ ਦੇਣ ਲਈ ਸੁਚੇਤ ਹੋਣ ਦੇ ਨਾਲ-ਨਾਲ ਤਿਆਰ-ਬਰ-ਤਿਆਰ ਵੀ ਰਹਿਣਾ ਪਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਯੂਨੀਵਰਸਲ ਸਿਵਲ ਕੋਡ ਨੂੰ ਹਿੰਦੂਤਵ ਹੁਕਮਰਾਨ ਤੇ ਜਮਾਤਾਂ ਵੱਲੋ ਜ਼ਬਰੀ ਲਾਗੂ ਕਰਨ ਦੇ ਅਮਲਾਂ ਪ੍ਰਤੀ ਸਿੱਖ ਕੌਮ ਤੇ ਘੱਟ ਗਿਣਤੀ ਕੌਮਾਂ ਨੂੰ ਸੁਚੇਤ ਕਰਦੇ ਹੋਏ ਅਤੇ ਪਾਕਿਸਤਾਨ ਦੀ ਵੰਡ ਸਮੇ ਸਿੱਖ ਕੌਮ ਵੱਲੋ ਹੋਏ ਅਵੇਸਲੇਪਣ ਚੋ ਨਿਕਲਕੇ ਆਉਣ ਵਾਲੇ ਸਖਤ ਇਮਤਿਹਾਨ ਲਈ ਪੂਰਨ ਤਿਆਰ-ਬਰ-ਤਿਆਰ ਰਹਿਣ ਅਤੇ ਹਿੰਦੂਤਵ ਹੁਕਮਰਾਨਾਂ ਦੇ ਜ਼ਬਰ ਨੂੰ ਬਿਲਕੁਲ ਵੀ ਸਹਿਣ ਨਾ ਕਰਨ ਦੀ ਗੱਲ ਕਰਦੇ ਹੋਏ ਘੱਟ ਗਿਣਤੀ ਕੌਮਾਂ ਨੂੰ ਅਰਥ ਭਰਪੂਰ ਸੰਦੇਸ਼ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸੱਕ ਬਾਕੀ ਨਹੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਕੇਜਰੀਵਾਲ ਜੋ ਬੀਜੇਪੀ-ਆਰ.ਐਸ.ਐਸ ਦੀ ਬੀ-ਟੀਮ ਦੇ ਤੌਰ ਤੇ ਨਿਰੰਤਰ ਵਿਚਰਦੇ ਆ ਰਹੇ ਹਨ, ਉਨ੍ਹਾਂ ਨੇ ਪਹਿਲੋ ਹੀ ਉਪਰੋਕਤ ਯੂਨੀਵਰਸਲ ਸਿਵਲ ਕੋਡ ਦੇ ਹੱਕ ਵਿਚ ਹਮਾਇਤ ਦਿੱਤੀ ਹੈ ।