ਨਵੀਂ ਦਿੱਲੀ – ਅਜ ਸੰਯੁਕਤ ਕਿਸਾਨ ਮੋਰਚੇ ਨੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਸੰਸਦ ਦੇ ਦੋਵਾਂ ਸਦਨਾਂ ਵਿਚ ਕਿਸਾਨੀ-ਮੰਗਾਂ ਲਈ ਆਵਾਜ਼ ਉਠਾਉਣ ਅਤੇ ਵਾਕ ਆਊਟ ਨਾ ਕਰਨ ਲਈ ਪੀਪਲਜ਼-ਵ੍ਹਿਪ ਜਾਰੀ ਕੀਤਾ ਗਿਆ । ਕਿਸਾਨ ਨੇਤਾਵਾਂ ਨੇ ਸਮੂਹ ਜਥੇਬੰਦੀਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ 22 ਜੁਲਾਈ ਤੋਂ ਸੰਸਦ ਸਾਹਮਣੇ ਰੋਸ ਮਾਰਚ ਵਿਚ ਹਿੱਸਾ ਲੈਣ ਲਈ ਦੇਸ਼-ਭਰ ਤੋਂ ਕਿਸਾਨ ਮੋਰਚਿਆਂ ‘ਚ ਪਹੁੰਚ ਕੇ ਅਪਣਾ ਸਮਰਥਨ ਦਿਤਾ ਜਾਏ ।
ਉਨ੍ਹਾਂ ਦਸਿਆ ਕਿ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਖਿਲਾਫ ਦੇਸ਼ ਧਰੋਹ ਦੇ ਦੋਸ਼ ਲਗਾਉਣ ਵਿਰੁੱਧ ਰੋਸ ਮੁਜ਼ਾਹਰਾ ਕਰਨ ਲਈ ਵੱਡੀ ਸਫਲਤਾਪੂਰਵਕ ਮਹਾਪੰਚਾਇਤ ਸਿਰਸਾ ਵਿਖੇ ਕੀਤੀ ਗਈ ਅਤੇ ਔਰਤਾਂ ਪ੍ਰਤੀ ਭਾਜਪਾ ਨੇਤਾ ਮਨੀਸ਼ ਗਰੋਵਰ ਦੇ ਦੁਰਵਿਵਹਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ 19 ਜੁਲਾਈ ਨੂੰ ਰੋਹਤਕ ਵਿਖੇ ਮਹਿਲਾ ਮਹਾਪੰਚਾਇਤ ਲਈ ਉਤਸ਼ਾਹੀ ਪ੍ਰਬੰਧ ਕੀਤੇ ਜਾ ਰਹੇ ਹਨ । ਅੰਤ ਵਿਚ ਉਨ੍ਹਾਂ ਦਸਿਆ ਕਿ ਕਿਸਾਨਾਂ ਨੇ ਚੰਡੀਗੜ੍ਹ ਵਿਖੇ ਭਾਜਪਾ ਦੇ ਮੇਅਰ ਸੰਜੇ ਟੰਡਨ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਤੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ, ਔਰਤਾਂ ਅਤੇ ਬੱਚਿਆਂ ਸਮੇਤ ਦਰਜਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ।