ਨਵੀਂ ਦਿੱਲੀ- ਪੱਛਮੀ ਦਿੱਲੀ ’ਚ ਸਿੱਖਾਂ ਦੀ ਬਹੁ-ਗਿਣਤੀ ਵਸੋਂ ਵਾਲੇ ਇਲਾਕੇ ਵਿਸ਼ਨੂੰ ਗਾਰਡਨ ਅਤੇ ਸ਼ਾਮ ਨਗਰ ਹਲਕੇ ਤੋਂ ਵੱਡੀ ਗਿਣਤੀ ’ਚ ਸਿੱਖ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਵਿਚ ਸ਼ਾਮਲ ਹੋਏ।ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸਾਰੇ ਨੌਜਵਾਨਾਂ ਦਾ ਸਿਰੋਪਾਉ ਦੇ ਕੇ ਆਪਣੀ ਪਾਰਟੀ ਵੱਲੋਂ ਸੁਆਗਤ ਕੀਤਾ। ਦਿੱਲੀ ਕਮੇਟੀ
ਮੈਂਬਰ ਸ. ਹਰਜੀਤ ਸਿੰਘ ਪੱਪਾ ਦੇ ਸਪੁੱਤਰ ਸਰਵਜੋਤ ਸਿੰਘ ਐਸ਼ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਨੌਜਵਾਨਾਂ ਦਾ ਵੱਡਾ ਇਕੱਠ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਇਆ। ਮੀਟਿੰਗ ’ਚ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ ਤੋਂ ਬਾਗੋ-ਬਾਗ ਹੋਏ ਸ. ਕਾਲਕਾ ਤੇ ਸ. ਕਾਹਲੋਂ
ਨੇ ਸਰਵਜੋਤ ਸਿੰਘ ਐਸ਼ ਤੇ ਗੁਰਪ੍ਰੀਤ ਸਿੰਘ ਨੂੰ ਛੇਤੀ ਹੀ ਯੂਥ ਅਕਾਲੀ ਦਲ ’ਚ ਵੱਡੀ ਜ਼ੁੰਮੇਵਾਰੀ ਸੌਂਪਣ ਦੇ ਸੰਕੇਤ ਦਿੱਤੇ।ਉਕਤ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਦਿੱਲੀ ਕਮੇਟੀ ’ਚ ਇਸ ਸਮੇਂ ਜ਼ਿਆਦਾਤਰ ਨੌਜਵਾਨ ਮੈਂਬਰ ਹਨ ਜਿਨ੍ਹਾਂ ਤੋਂ ਉਤਸ਼ਾਹਤ
ਹੋਇਆ ਨੌਜਵਾਨ ਵਰਗ ਹੁਣ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਿਲ ਹੋਣ ਲਈ ਅੱਗੇ ਆ ਰਿਹਾ ਹੈ, ਸਿੱਖੀ ਨੂੰ ਪ੍ਰਫ਼ੁੱਲਤ ਕਰਨ `ਚ ਨੌਜਵਾਨ ਅਹਿਮ ਭੂਮਿਕਾ ਨਿਭਾਅ ਸਕਦੇ ਹਨ ।ਇਸ ਮੌਕੇ ਸ. ਕਾਲਕਾ ਤੇ ਸ. ਕਾਹਲੋਂ ਨੇ ਦੱਸਿਆ ਕਿ ਜਦੋਂ ਤੋਂ
ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪਾਰਟੀ ਬਣੀ ਹੈ ਦਿੱਲੀ ਦੀ ਸੰਗਤ ਦਾ ਪਿਆਰ ਲਗਾਤਾਰ ਉਨ੍ਹਾਂ ਨੂੰ ਮਿਲ ਰਿਹਾ ਹੈ।ਲੋਕ ਆਪ ਅੱਗੇ ਆ ਕੇ ਪਾਰਟੀ ਨਾਲ ਜੁੜ ਰਹੇ ਹਨ ਕਿਉਂਕਿ ਮੌਜ਼ੂਦਾ ਦਿੱਲੀ ਕਮੇਟੀ ਦੀ ਟੀਮ ਵੱਲੋਂ ਧਰਮ ਪ੍ਰਚਾਰ, ਸਿੱਖਿਆ, ਸਿਹਤ ਸਹੂਲਤਾਂ,
ਮਨੁੱਖਤਾ ਦੀ ਸੇਵਾ ਨੂੰ ਧਿਆਨ ’ਚ ਰੱਖਦਿਆਂ ਜੋ ਕੰਮ ਕੀਤੇ ਜਾ ਰਹੇ ਹਨ ਉਹ ਬੇਮਿਸਾਲ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੱਧਦੇ ਇਸਾਈਕਰਣ (ਧਰਮ ਬਦਲੀ) ’ਚ ਨਿਘਾਰ ਲਿਆਉਣ ਲਈ ਸ਼ੁਰੂ ਕੀਤੀ ਗਈ ‘ਧਰਮ ਜਾਗਰੂਕਤਾ ਲਹਿਰ’ ਨੂੰ ਵੀ ਵੱਡਾ ਹੁੰਗਾਰਾ ਮਿਲਿਆ ਹੈ।ਪੰਜਾਬ ’ਚ ਬੀਤੇ ਦਿਨੀਂ 12 ਪਰਿਵਾਰਾਂ ਨੇ ਸਿੱਖ ਧਰਮ ’ਚ ਮੁੜ ਵਾਪਸੀ ਕੀਤੀ ਹੈ। ਸਾਡੀਆਂ ਟੀਮਾਂ
ਪਿੰਡ-ਪਿੰਡ ’ਚ ਘਰ-ਘਰ ਜਾ ਕੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਲੋਕਾਂ ਨੂੰ ਧਰਮ ਪ੍ਰਤੀ ਜਾਗਰੂਕ ਕਰ ਰਹੀਆਂ ਹਨ।ਸ. ਕਾਲਕਾ ਤੇ ਸ. ਕਾਹਲੋਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ 1984 ਦੇ ਕਾਤਲਾਂ ਨੂੰ ਸਟੇਜਾਂ ’ਤੇ ਸਨਮਾਨਿਤ ਕਰਨ ਵਾਲੇ ਸਰਨਾ ਭਰਾਵਾਂ
ਨਾਲ ਹੱਥ ਮਿਲਾ ਲਓ ਤਾਂ ਸਾਡੀ ਸਾਰੀ ਟੀਮ ਨੇ ਇਸ ’ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦਿਆਂ ਇਨਕਾਰ ਕਰ ਦਿੱਤਾ ਅਤੇ ਸਾਰਿਆਂ ਨੇ ਮਿਲ ਕੇ ਕੌਮ ਅਤੇ ਪੰਥ ਦੀ ਚੜ੍ਹਦੀਕਲਾ ਵਾਸਤੇ 1920 ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਗਠਨ
ਕੀਤਾ।ਇਸ ਮੌਕੇ ਆਤਮਾ ਸਿੰਘ ਲੁਬਾਣਾ, ਅਮਰਜੀਤ ਸਿੰਘ ਫਤਿਹ ਨਗਰ, ਹਰਜੀਤ ਸਿੰਘ ਪੱਪਾ, ਗੁਰਦੇਵ ਸਿੰਘ, ਭੁਪਿੰਦਰ ਸਿੰਘ ਗਿੰਨੀ, ਰਮਨਦੀਪ ਸਿੰਘ ਥਾਪਰ, ਰਮਨਜੋਤ ਸਿੰਘ ਮੀਤਾ ਤੇ ਜਸਪ੍ਰੀਤ ਸਿੰਘ ਵਿੱਕੀ ਮਾਨ ਵੀ ਮੌਜ਼ੂਦ ਸਨ ।