ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮਿਸ਼ਨ ਦਿੱਲੀ ਵੱਲੋਂ ਦਿੱਲੀ ਦੀਆਂ ਸੰਗਤਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਗੁਰਧਾਮਾਂ ਦੇ ਦਰਸ਼ਨ ਕਰਾਉਣ ਲਈ ਨਿਸ਼ਕਾਮ ਸੇਵਾ ਚਲਾਈ ਜਾ ਰਹੀ ਹੈ। ਇਸੇ ਕੜੀ ਵਿੱਚ ਅੱਜ ਸ਼ਕੂਰ ਬਸਤੀ ਵਾਰਡ 8 ਦੀ ਸੰਗਤ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਭੇਜਿਆ ਗਿਆ । ਇਸ ਮੌਕੇ ਸਿੱਖ ਮਿਸ਼ਨ ਦੇ ਇੰਚਾਰਜ ਸੁਰਿੰਦਰ ਸਿੰਘ ਸਮਾਣਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਸ਼ਕੂਰ ਬਸਤੀ ਵਾਰਡ ਦੇ ਪ੍ਰਧਾਨ ਸੁਦੀਪ ਸਿੰਘ ਰਾਣੀ ਬਾਗ, ਅਮਰਜੀਤ ਸਿੰਘ ਗੁੱਲੂ, ਜਗਮੋਹਨ ਸਿੰਘ ਵਿਰਕ, ਮਨਜੀਤ ਸਿੰਘ ਬਾਮਰਾ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬਣੇ ਸ਼੍ਰੋਮਣੀ ਅਕਾਲੀ ਦਲ ਦਫਤਰ ਪੁੱਜੇ। ਸਮੁੱਚੀ ਸੰਗਤ ਵੱਲੋਂ ਗੁਰੂ ਮਹਾਰਾਜ ਅੱਗੇ ਨਤਮਸਤਕ ਹੋ ਕੇ ਅਰਦਾਸ ਕਰਨ ਮਗਰੋਂ ਬਸ ਨੂੰ ਰਵਾਨਾ ਕੀਤਾ ਗਿਆ ।
ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਦੇ ਵਿਸ਼ੇਸ਼ ਯਤਨਾਂ ਸਦਕੇ ਦਿੱਲੀ ਦੀਆਂ ਸੰਗਤਾਂ ਲਈ ਨਿਸ਼ਕਾਮ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਸਮੁੱਚਾ ਪ੍ਰਬੰਧ ਦਿੱਲੀ ਸਿੱਖ ਮਿਸ਼ਨ ਦੀ ਟੀਮ ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ, ਰਘੁਜੀਤ ਸਿੰਘ ਵਿਰਕ ਵਲੋਂ ਕੀਤਾ ਜਾਂਦਾ ਹੈ।
ਨਿਸ਼ਕਾਮ ਬੱਸ ਸੇਵਾ ਤੋਂ ਇਲਾਵਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬੁਕਿੰਗ ਤੋਂ ਲੈ ਕੇ ਯਾਤਰਾ ਦੇ ਸਾਰੇ ਪ੍ਰਬੰਧ
ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਰਾਂ ਦੀ ਬੁਕਿੰਗ ਆਦਿ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਬਹੁਤ ਜਲਦ ਮੁਫਤ ਐਮ.ਆਰ.ਆਈ ਅਤੇ ਸੀ.ਟੀ ਸਕੈਨ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਸੁਦੀਪ ਸਿੰਘ ਰਾਣੀ ਬਾਗ ਇੰਚਾਰਜ ਸ਼ਕੂਰ ਬਸਤੀ ਵਾਰਡ ਨੇ ਜਥੇਦਾਰ ਅਵਤਾਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਕੂਰ ਬਸਤੀ ਤੋਂ ਵਾਰਡ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ। ਇਸ ਦੇ ਨਾਲ ਹੀ ਉਨ੍ਹਾਂ ਬੀਬੀ ਰਣਜੀਤ ਕੌਰ, ਰਘੂਜੀਤ ਸਿੰਘ ਵਿਰਕ ਅਤੇ ਸੁਖਵਿੰਦਰ ਸਿੰਘ ਬੱਬਰ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਵਾਰਡ ਦੀਆਂ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਬੱਸਾਂ ਭੇਜੀਆਂ ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸੰਗਤਾਂ ਲਈ ਇਸੇ ਤਰ੍ਹਾਂ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਜਥੇਦਾਰ ਬਲਦੇਵ ਸਿੰਘ ਰਾਣੀ ਬਾਗ ਮੈਂਬਰ ਦਿੱਲੀ ਕਮੇਟੀ ਅਤੇ ਬਲਬੀਰ ਸਿੰਘ ਸ੍ਰੀਨਗਰ ਵੱਲੋਂ ਯਾਤਰਾ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।