ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਿਆ ਖੇਤਰ ਵਿਚ ਪ੍ਰਬੰਧਾਂ ਵਿਚ ਸੁਧਾਰ ਵਾਸਤੇ ਸੁਝਾਅ ਦੇਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿਚ ਸਿੱਖਿਆ ਮਾਹਿਰ ਤੇ ਕਮੇਟੀ ਦੇ ਮੈਂਬਰ ਸ਼ਾਮਲ ਕੀਤੇ ਗਏ ਹਨ।
ਦਿੱਲੀ ਕਮੇਟੀ ਚੋਣਾਂ ਵਿਚ ਜਿੱਤੇ ਉਮੀਦਵਾਰਾਂ ਨਾਲ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਇਥੇ ਇਕ ਪ੍ਰੈਸ ਕਾਨਫਰੰਸ ਵਿਚ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਕਮੇਟੀ ਤਿੰਨ ਹਫਤਿਆਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਦੇਵੇਗੀ ਤੇ ਇਸਦੀਆਂ ਸਿਫਾਰਸ਼ਾਂ ‘ਤੇ ਵਿਚਾਰ ਕਰ ਕੇ ਸਿੱਖਿਆ ਖੇਤਰਵਿਚ ਹੋਰ ਸੁਧਾਰ ਲਿਆਂਦੇ ਜਾਣਗੇ।
ਉਹਨਾਂ ਇਹ ਵੀ ਕਿਹਾ ਕਿ ਸੰਗਤ ਵੱਲੋਂ ਅਕਾਲੀ ਦਲ ਲਈ ਦਿੱਤੇ ਲਾਮਿਸਾਲ ਫਤਵੇ ਲਈ ਅਸੀਂ ਸੰਗਤਾਂ ਦੇ ਚਰਨਾਂ ਵਿਚ ਨਤਮਸਤਕ ਹੁੰਦੇ ਹਾਂ ਤੇ ਵਾਅਦਾ ਕਰਦੇ ਹਾਂ ਕਿ ਜੋ ਵੀ ਅਸੀਂ ਇਕਰਾਰ ਕੀਤੇ ਹਨ, ਸਾਰੇ ਨਿਭਾਏ ਜਾਣਗੇ।
ਸਰਦਾਰ ਸਿਰਸਾ ਨੇ ਦੱਸਿਆ ਕਿ ਚੋਣਾਂ ਖਤਮ ਹੋਣ ਉਪਰੰਤ ਟੀਮ ਨੇ ਹੁਣ ਤੋਂ ਹੀ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਸਭ ਤੋਂ ਵੱਡਾ ਪ੍ਰਾਜੈਕਟ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਨ ਦਾ ਹੈ ਜਿਸ ਵਾਸਤੇ ਅਸੀਂ ਅਦਾਲਤ ਵਿਚ ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਪਟੀਸ਼ਨ ਦਾਇਰ ਰਹੇ ਹਾਂ ਕਿ ਵੋਟਾਂ ਪੈਣ ਤੇ ਗਿਣਤੀ ਉਪਰੰਤ ਹੁਣ ਹਸਪਤਾਲ ਸ਼ੁਰੂ ਕਰਨ ਦੀ ਆਗਿਆ ਦਿੱਤੀ ਜਾਵੇ ਤੇ ਇਸਨੁੰ ਹੋਰ ਨਾ ਲਟਕਾਇਆ ਜਾਵੇ। ਉਹਨਾਂ ਕਿਹਾ ਕਿ ਸਾਡੇ ਲਈ ਸੰਗਤ ਵਾਸਤੇ ਕੀਤੇ ਕੰਮ ਪਹਿਲਾਂ ਹਨ ਤੇ ਬਾਕੀ ਸਭ ਕੁਝ ਬਾਅਦ ਵਿਚ ਹੈ।
ਸਰਦਾਰ ਸਿਰਸਾ ਨੇ ਇਹ ਵੀ ਦੱਸਿਆ ਕਿ ਸਰਨਾ ਟੋਲੇ ਵੱਲੋਂ ਚੋਣਾਂ ਖਤਮ ਹੋਣ ਉਪਰੰਤ ਮੈਂਬਰਾਂ ਦੀ ਖਰੀਦੋ ਫਰੋਖ਼ਤ ਲਈ ਜ਼ੋਰ ਲਾਇਆ ਜਾ ਰਿਹਾ ਹੈ। ਉਹਨਾਂ ਨੇ ਸਰਨਾ ਭਰਾਵਾਂ ਨੂੰ ਕਿਹਾ ਕਿ ਤੁਹਾਡਾ ਖਰੀਦੋ ਫਰੋਖ਼ਤ ਵਾਲਾ ਸਮਾਂ ਹੁਣ ਖ਼ਤਮ ਹੋ ਗਿਆ ਹੈ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀਆਂ ਵਜੋਂ ਚੋਣ ਜਿੱਤੇ ਉਮੀਦਵਾਰ ਸੰਗਤ ਦੀ ਸੇਵਾ ਵਾਸਤੇ ਜੁਟ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਸਰਨਾ ਟੀਮ ਦੇ 14 ਜਿੱਤੇ ਉਮੀਦਵਾਰਾਂ ਵਿਚੋਂ ਅੱਧੇ ਦੇ ਕਰੀਬ ਉਮੀਦਵਾਰਾਂ ਨੇ ਆਪ ਇਹ ਕਿਹਾ ਹੈ ਕਿ ਅਸੀਂ ਸੰਗਤ ਵਾਸਤੇ ਕੀਤੇ ਕੰਮਾਂ ਲਈ ਮੈਨੇਜਮੈਂਟ ਨਾਲ ਸਹਿਯੋਗ ਕਰਾਂਗੇ।
ਇਸ ਮੌਕੇ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਲਾਮਿਸਾਲ ਜਿੱਤ ਲਈ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਨਾ ਟੋਲੇ ਵੱਲੋਂ ਭਾਵੇਂ ਅਕਾਲੀ ਦਲ ਦੇ ਮੈਂਬਰਾਂ ਦੀ ਖਰੀਦੋ ਫਰੋਖ਼ਤ ਲਈ ਲੱਖ ਕੋਸ਼ਿਸ਼ਾਂ ਕਰ ਲਈਆਂ ਜਾਣ ਪਰ ਉਹ ਸੁਫਨੇ ਲੈਣੇ ਛੱਡ ਦੇਣ ਕਿ ਸਾਡੇ ਮੈਂਬਰ ਖਰੀਦ ਸਕਣਗੇ। ਉਹਨਾਂ ਕਿਹਾ ਕਿ ਜਿੱਤੇ ਉਮੀਦਵਾਰ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਜੋ ਪਾਰਟੀ ਨਾਲ ਦਿਨ ਰਾਤ ਡਟੇ ਹੋਏ ਸਨ, ਹਨ ਤੇ ਰਹਿਣਗੇ।

 

Leave a Reply

Your email address will not be published. Required fields are marked *