ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2021, ਖ਼ਤਮ ਹੋਣ ਤੋਂ ਬਾਅਦ ਨਵੇਂ ਰਾਜਨੀਤਕ ਸਮੀਕਰਣਾਂ ਦੇ ਬਣਨ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ 27 ਸੀਟਾਂ ਮਿਲੀਆਂ ਹਨ ਉੱਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਨੇ ਆਪਣੇ ਨਿਰਦਲੀਆਂ ਅਤੇ ਸਹਿਯੋਗੀ ਦਲ ਪੰਥਕ ਅਕਾਲੀ ਲਹਿਰ ਦੇ ਨਾਲ 16 ਸੀਟਾਂ ਹਾਸਿਲ ਕੀਤੀਆਂ ਹਨ। ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਨੇ ਤਿੰਨ ਸੀਟਾਂ ਲੈਕੇ ਆਪਣੀ ਹੋਂਦ ਪ੍ਰਗਟ ਕੀਤੀ ਹੈ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਮੁੱਖ ਵਿਰੋਧੀ ਧਿਰ ਦੇ ਰੂਪ ਵਿਚ ਉੱਭਰੇ ਹਨ। ਜੋ ਕਿ ਵਿਰੋਧੀਆਂ ਨੂੰ ਇਕ ਪਲੇਟਫਾਰਮ ਤੇ ਲਿਆਉਣ ਦੀ ਪ੍ਰਕਿਰਿਆ ਵਿਚ ਲੱਗੇ ਹੋਏ ਹਨ। ਸਰਨਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੋਲ ਜਾਗੋ ਦਾ ਵੀ ਸਮਰਥਨ ਹੈ। ਇਸ ਗਣਿਤ ਦੇ ਅਨੁਸਾਰ ਉਨ੍ਹਾਂ ਕੋਲ ਕੁਲ ਸੀਟਾਂ ਦਾਂ ਆਂਕੜਾ 19-20 ਪਹੁੰਚਦਾ ਹੈ। ਕੁਝ ਮੈਂਬਰਾਂ ਨੂੰ ਆਪਸ਼ਨ ਦੇ ਜ਼ਰੀਏ ਚੁਣਿਆ ਜਾਂਦਾ ਹੈ। ਜਿਸ ਵਿਚ ਸਰਨਾ ਨੇ ਦੋ ਤਿੰਨ ਸੀਟਾਂ ਲੈਣ ਦਾ ਦਾਅਵਾ ਕੀਤਾ ਹੈ ਇਹ ਇਸ ਤੋਂ ਬਾਅਦ ਗਿਣਤੀ 22-23 ਪਹੁੰਚ ਜਾਵੇਗੀ ।
ਇਹ ਚੋਣਾਂ ਕਈ ਮਾਮਲਿਆਂ ਵਿਚ ਵਿਚ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ। ਕਿਉਂਕਿ ਡੀਐੱਸਜੀਐੱਮਸੀ ਪ੍ਰਮੁੱਖ ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਰਵਿੰਦਰ ਸਿੰਘ ਸਰਨਾ ਤੋ ਵੱਡੀ ਮਾਤ ਖਾਣ ਨੂੰ ਮਿਲੀ ਹੈ, ਅਤੇ ਉਨ੍ਹਾਂ ਦੇ ਦੁਬਾਰਾ ਪ੍ਰਧਾਨ ਬਣਨ ਉੱਤੇ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ।
ਪ੍ਰੈੱਸ ਨਾਲ ਗੱਲ ਕਰਦਿਆਂ ਸਰਨਾ ਨੇ ਦੱਸਿਆ ਕਿ “ਬਾਦਲੀ ਚੋਰਾਂ ਦੇ ਖ਼ਿਲਾਫ਼ 60 ਪਰਸੈਂਟ ਜ਼ਿਆਦਾ ਵੋਟ ਪਏ ਹਨ, ਇਹ ਵੱਡੀ ਗੱਲ ਹੈ। ਸੰਗਤ ਨੇ ਉਨ੍ਹਾਂ ਨੂੰ ਨਕਾਰਿਆ ਹੈ ਜਿਸ ਕਰਕੇ ਅਸੀਂ ਸਿਰਸਾ ਨੂੰ ਪੰਜਾਬੀ ਬਾਗ ਵਿੱਚ ਪਟਕਣੀ ਵੀ ਦਿੱਤੀ ਹੈ ਤੇ ਹੁਣ ਕਮੇਟੀ ਦੇ ਅੰਦਰ ਵੀ ਜਿੱਤਣ ਨਹੀਂ ਦਵਾਂਗੇ। ਡੀਐਸਜੀਐਮਸੀ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣਾ ਸਾਡਾ ਮੁੱਖ ਟੀਚਾ ਹੈ। ਸਾਰੇ ਪੰਥ ਦਰਦੀ ਸਾਥੀਆਂ ਅਤੇ ਮੈਂਬਰਾਂ ਦਾ ਅਸੀਂ ਸਵਾਗਤ ਕਰਦੇ ਹਾਂ। ਜਾਗੋ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ ਨੇ ਸਾਡੇ ਨਾਲ ਖੜ੍ਹੇ ਹੋਣ ਦਾ ਫ਼ੈਸਲਾ ਕੀਤਾ ਹੈ।”
ਸਰਨਾ ਨੇ ਇਹ ਵੀ ਦੱਸਿਆ ਕਿ ਕੁਝ ਸੀਟਾਂ ਉੱਤੇ ਉਨ੍ਹਾਂ ਦੇ ਮੈਂਬਰ 1% ਤੋਂ ਵੀ ਘੱਟ ਮਾਰਜਨ ਨਾਲ ਹਾਰੇ ਹਨ। ਜਿਨ੍ਹਾਂ ਉੱਤੇ ਦੁਬਾਰਾ ਵੋਟ ਗਿਣਨ ਦਾ ਕਾਨੂੰਨੀ ਹੱਕ ਹੈ, ਦਾ ਵੀ ਉਹ ਸਹਾਰਾ ਲੈਣਗੇ । ਸਰਨਾ ਨੇ ਆਪਣੀ ਜਿੱਤ ਦੇ ਲਈ ਅਕਾਲ ਪੁਰਖ, ਸੰਗਤ ਸਾਹਿਬਾਨ ਅਤੇ ਆਪਣੀ ਪਾਰਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ।
ਪ੍ਰੈੱਸ ਨਾਲ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ ਮੈਂਬਰਾਂ ਜਿਸ ਵਿੱਚ ਹਰਵਿੰਦਰ ਸਿੰਘ ਸਰਨਾ, ਸੁਖਬੀਰ ਕਾਲੜਾ, ਤਰਵਿੰਦਰ ਸਿੰਘ ਮਰਵਾਹ, ਜਤਿੰਦਰ ਸਿੰਘ ਸਾਹਨੀ, ਜਥੇਦਾਰ ਬਲਦੇਵ ਸਿੰਘ, ਕੁਲਤਾਰਨ ਸਿੰਘ, ਪਰਮਜੀਤ ਖੁਰਾਨਾ, ਤੇਜਿੰਦਰ ਸਿੰਘ ਗੋਪਾ, ਅਨੂਪ ਸਿੰਘ ਘੁੰਮਣ, ਹਰਜਿੰਦਰ ਕੌਰ ਜੱਗਾ, ਗੁਰਪ੍ਰੀਤ ਸਿੰਘ ਖੰਨਾ, ਕਰਤਾਰ ਸਿੰਘ ਚਾਵਲਾ (ਵਿੱਕੀ), ਜਤਿੰਦਰ ਸਿੰਘ ਸੋਨੂੰ, ਹਰਵਿੰਦਰ ਸਿੰਘ ਪੱਪੂ, ਅਮਰੀਕ ਸਿੰਘ ਵਿਕਾਸਪੁਰੀ, ਇੰਦਰਪ੍ਰੀਤ ਸਿੰਘ ਕੋਛੜ, ਭੁਪਿੰਦਰ ਸਿੰਘ ਪੀ ਆਰ ਓ ਅਤੇ ਹੋਰ ਵੀ ਮੌਜੂਦ ਸਨ।