ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸ. ਤੇਜਪਾਲ ਸਿੰਘ ਟੈਗੋਰ ਗਾਰਡਨ ਨੇ ਕਿਹਾ ਕਿ ਸ. ਪਰਮਜੀਤ
ਸਿੰਘ ਸਰਨਾ ਤੇ ਸ. ਹਰਵਿੰਦਰ ਸਿੰਘ ਸਰਨਾ ਨੇ ਪੰਥਕ ਮੁੱਦਿਆਂ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਸਾਥ ਲਿਆ ਹੈ, ਜੋ ਕਿ ਇੱਕ ਇਤਿਹਾਸਕ ਕਦਮ ਹੈ।ਉਨ੍ਹਾਂ ਕਿਹਾ ਕਿ
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਥਕ ਜਮਾਤ ਰਹੀ ਹੈ, ਜਿਸ ਨੇ ਸਿੱਖਾਂ ਅਤੇ ਪੰਥਕ ਮਸਲਿਆਂ ਲਈ ਚਾਹੇ ਉਹ ਪੰਜਾਬ, ਦਿੱਲੀ, ਹਰਿਆਣਾ, ਹਿੰਦੁਸਤਾਨ ਹੋਣੇ ਜਾਂ ਫਿਰ ਸਮੁਚੇ ਸੰਸਾਰ ਵਿਚ ਸ਼ਹੀਦੀਆਂ, ਕੁਰਬਾਨੀਆਂ ਅਤੇ ਮੋਰਚੇ ਲਾਏ ਹਨ।ਸ. ਤੇਜਪਾਲ ਸਿੰਘ ਨੇ ਕਿਹਾ
ਕਿ ਸ਼੍ਰੋਮਣੀ ਆਕਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹਰਾ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਲੰਮੇਂ ਸਮੇਂ ਤੱਕ ਮਜ਼ਬੂਤ ਥੰਮ ਰਹੇ ਹਨ ਅਤੇ 1995 ਵਿਚ ਦਿੱਲੀ
ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ 39 ਸੀਟਾਂ ਉੱਤੇ ਜਿਤਿਆ ਸੀ ਅਤੇ ਜਥੇਦਾਰ ਗੁਰਚਰਨ ਸਿੰਘ ਟੋਹਰਾ ਨੇ ਸ. ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਥਾਪਿਆ ਸੀ।ਉਨ੍ਹਾਂ ਕਿਹਾ ਕਿ ਸ.
ਪਰਮਜੀਤ ਸਿੰਘ ਸਰਨਾ ਦੇ ਪਿਤਾ ਜੀ ਮਰਹੂਮ ਸ. ਤਰਲੋਚਨ ਸਿੰਘ ਸਰਨਾ ਪੰਥਕ ਹੋਣ ਕਰਕੇ ਸਾਰੇ ਪੰਥਕ ਲੀਡਰਾਂ ਦਾ ਸਤਿਕਾਰ ਅਤੇ ਸਨਮਾਨ ਕਰਦੇ ਸਨ।ਉਨ੍ਹਾਂ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਨੂੰ ਕਿਸੇ ਸਲਾਹਕਾਰ ਕਰਕੇ 1998 ਵਿੱਚ ਅਕਾਲੀ ਦਲ ਵਿੱਚੋਂ ਕਢਵਾ ਦਿੱਤਾ
ਗਿਆ ਅਤੇ ਸ. ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਚੋਣ ਨਿਸ਼ਾਨ ਕਾਰ ਤੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ 2002 ਦੀਆਂ ਚੋਣਾਂ ਲੜ੍ਹੀਆਂ ਅਤੇ 28 ਸੀਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਜਿਨਹਾਂ ਨੇ ਸ. ਪਰਮਜੀਤ ਸਿੰਘ ਸਰਨਾ ਨੂੰ ਪਾਰਟੀ ਵਿੱਚੋਂ ਕਢਵਾਇਆ
ਸੀ, ਉਨ੍ਹਾਂ ਨੂੰ ਰਾਜ ਸਭਾ ਮੈਂਬਰ ਅਤੇ ਸੈਂਟਰ ਵਿਚ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਨੂੰ 26 ਸਾਲ ਦੀ ਉਮਰ ਵਿੱਚ ਐਮ.ਐਲ.ਏ ਬਣਾਉਣ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ਪੰਜਾਬ ਵਿੱਚ ਮੰਤਰੀ ਵੀ ਬਣਾਇਆ।ਸ. ਤੇਜਪਾਲ ਸਿੰਘ ਟੈਗੋਰ ਗਾਰਡਨ ਨੇ ਕਿਹਾ ਕਿ
ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਬੰਨੀ ਜੌਲੀ ਕਹਿੰਦੇ ਹਨ ਕਿ ਸਰਨਾ ਧੜੇ ਦੇ ਜਿੱਤੇ ਹੋਏ ਮੈਂਬਰ ਅਸਤੀਫ਼ਾ ਦੇਣ ਅਤੇ ਦੁਬਾਰਾ ਚੁਣ ਕੇ ਆਉਣ।ਉਨ੍ਹਾਂ ਨੇ ਕਿਹਾ ਕਿ ਆਪ ਸਭ ਭਲੀ ਭਾਂਤ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਬਾਲਟੀ
ਤੋਂ 27 ਮੈਂਬਰ 2021 ਦੀਆਂ ਚੋਣਾਂ ਜਿੱਤ ਕੇ ਆਏ ਅਤੇ ਪਾਰਟੀ ਅਤੇ ਆਪਣੇ ਆਕਾ ਨੂੰ ਬਦਲ ਕੇ ਚੇਅਰਮੈਨੀਆਂ ਅਤੇ ਗੁਰੂ ਘਰ ਦੀਆਂ ਗੋਲਕਾਂ ਵਿੱਚੋਂ ਸਰਦਾਰੀਆਂ ਮਾਣ ਹਨ।ਸ. ਤੇਜਪਾਲ ਸਿੰਘ ਨੇ ਹਰਪ੍ਰੀਤ ਸਿੰਘ ਬੰਨੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਉਨ੍ਹਾਂ
ਤੋਂ ਵੀ ਅਸਤੀਫ਼ਾ ਲੈ ਕੇ ਦਿੱਲੀ ਕਮੇਟੀ ਦੀਆਂ ਜਨਰਲ ਚੋਣਾਂ ਕਰਵਾ ਲੈਣ, ਅਗਰ ਇਸ ਵਿੱਚ ਡਰ ਲੱਗਦਾ ਹੈ ਤਾਂ ਘੱਟੋ ਘੱਟ ਐਗਜੈਕਟਿਵ ਮੈਂਬਰਾਂ ਦੀ ਚੋਣ ਮਹੀਨੇ ਵਿਚ ਕਰਵਾ ਕੇ ਵੇਖ ਲੈਣ ਆਪੇ ਪਤਾ ਲੱਗ ਜਾਵੇਗਾ ਕਿ ਕਿਹੜਾ ਪੰਥ ਨੰੁ ਪਿਆਰਾ ਹੈ ਤੇ ਕਿਸ ਨੂੰ ਸਿੱਖ ਕੌਮ
ਨੇ ਨਕਾਰਿਆ ਹੈ।ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ, ਸਵਰਗੀ ਜਥੇਦਾਰ ਗੁਰਚਰਨ ਸਿੰਘ ਟੋਹਰਾ ਵਾਂਗ ਸੁਖਬੀਰ ਸਿੰਘ ਬਾਦਲ ਤੇ ਪਰਮਜੀਤ ਸਿੰਘ ਸਰਨਾ ਪੰਥ ਦੇ ਬਹੁਮੁੱਲੇ ਥੰਮ ਰਹਿਣਗੇ ਅਤੇ ਸੰਤ ਸਭਾ ਵਾਂਗੂ ਸਿੱਖ ਪੰਥ ਦੀ ਸੇਵਾ ਕਰਨਗੇ।