Sun. Mar 3rd, 2024


ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਸਰਨਿਆਂ ਨੇ ਸਿੱਖ ਪੰਥ ਦੇ ਇਤਿਹਾਸ ਵਿਚ ਪਹਿਲੀ ਵਾਰ ਗੁਰਦੁਆਰਾ ਰਕਾਬਗੰਜ ਸਾਹਿਬ ਅੱਗੇ ਰੋਸ ਪ੍ਰਦਰਸ਼ ਕਰ ਕੇ ਸਿੱਖ ਕੌਮ ਨੂੰ ਕਲੰਕਿਤ ਕੀਤਾ ਹੈ ਤੇ ਉਹਨਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਰਨਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਪੰਥ ਵਿਚੋਂ ਛੇਕਿਆ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਮੇਟੀ ਦੇ ਮੈਂਬਰ ਆਤਮਾ ਸਿੰਘ ਲੁਬਾਣਾ, ਵਿਕਮਰਜੀਤ ਸਿੰਘ ਰੋਹਿਣੀ, ਭੁਪਿੰਦਰ ਸਿੰਘ ਭੁੱਲਰ, ਮਨਜੀਤ ਸਿੰਘ ਔਲਖ, ਗੁਰਮੀਤ ਸਿੰਘ ਭਾਟੀਆ ਤੇ ਸਰਵਜੀਤ ਸਿੰਘ ਵਿਰਕ ਨੇ ਕਿਹਾ ਕਿ ਸਿੱਖ ਇਤਿਹਾਸ ਵਿਚ ਅੱਜ ਤੱਕ ਕਿਸੇ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਸਕਾਰ ਵਾਲੇ ਪਵਿੱਤਰ ਅਸਥਾਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਨਹੀਂ ਕੀਤਾ ਪਰ ਜਦੋਂ ਸਰਨਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਤਾਂ ਸਾਰੀ ਕੌਮ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਸਰਨਿਆਂ ਨੇ ਕੌਮ ਨੂੰ ਕਲੰਕਿਤ ਕਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਵਾਲੇ ਪਾਸੇ ਕੀਤਾ ਗਿਆ ਜਿਸਦਾ ਮਕਸਦ ਰਾਜਨੀਤਕ ਲਾਹਾ ਖੱਟਣਾ ਸੀ। ਉਹਨਾਂ ਕਿਹਾ ਕਿ ਜੇਕਰ ਸਰਨਿਆਂ ਨੇ ਕਮੇਟੀ ਖਿਲਾਫ ਮੁਜ਼ਾਹਰਾ ਕਰਨਾ ਸੀ ਤਾਂ ਫਿਰ ਕਮੇਟੀ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਪਰ ਉਹਨਾਂ ਨੇ ਗੁਰੂ ਸਾਹਿਬ ਦੇ ਦਰ ਅੱਗੇ ਪ੍ਰਦਰਸ਼ਨ ਕਰ ਕੇ ਆਪਣਾ ਦਿਮਾਗੀ ਤਵਾਜ਼ਨ ਗੁਆ ਲਿਆ ਹੈ।
ਇਹਨਾਂ ਮੈਂਬਰਾਂ ਨੇ ਕਿਹਾ ਕਿ ਪੰਥਕ ਰਵਾਇਤਾ, ਪਰੰਪਰਾਵਾਂ ਤੇ ਮਰਿਆਦਾ ਦੀ ਦੁਹਾਈ ਦੇਣ ਵਾਲੇ ਸਰਨਿਆਂ ਤੇ ਭਾਈ ਰਣਜੀਤ ਸਿੰਘ ਨੇ ਜੋ ਕੀਤਾ, ਉਹ ਸਿੱਖ ਇਤਿਹਾਸ ਕੀ ਪਹਿਲੀ ਤੇ ਨਿੰਦਣਯੋਗ ਘਟਨਾ ਹੈ। ਇਹਨਾਂ ਮੈਂਬਰਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਮਾਮਲੇ ਦਾ ਨੋਟਿਸ ਲੈਣ ਅਤੇ ਸਰਨਿਆਂ ਤੇ ਭਾਈ ਰਣਜੀਤ ਸਿੰਘ ਨੂੰ ਸਿੱਖ ਕੌਮ ਵਿਚੋਂ ਛੇਕਣ ਦਾ ਐਲਾਨ ਕਰਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਦਾ ਸਿੱਖ ਕੌਮ ਦਾ ਹਿੱਸਾ ਬਣਿਆ ਰਹਿਣਾ ਸਮੁੱਚੀ ਕੌਮ ਲਈ ਸ਼ਰਮਨਾਕ ਤੇ ਘਾਤਕ ਹੈ। ਉਹਨਾਂ ਕਿਹਾ ਕਿ ਅਜਿਹਾ ਡਰ ਹੈ ਕਿ ਜੋ ਇਹਨਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਅੱਗੇ ਕੀਤਾ, ਕੱਲ੍ਹ ਕਿਤੇ ਗੁਰਦੁਆਰਾ ਸੀਸਗੰਜ ਸਾਹਿਬ ਜਾਂ ਹੋਰ ਇਤਿਹਾਸਕ ਗੁਰਧਾਮਾਂ ਦੇ ਅੱਗੇ ਨਾ ਕਰਨ। ਇਸ ਲਈ ਇਹਨਾਂ ਖਿਲਾਫ ਫੌਰੀ ਕਾਰਵਾਈ ਕਰਨ ਦੀ ਜ਼ਰੂਰਤ ਹੈ।

 

Leave a Reply

Your email address will not be published. Required fields are marked *