Sat. Mar 2nd, 2024


ਸ਼੍ਰੋਮਣੀ ਕਮੇਟੀ ਵੱਲੋਂ ਸਾਂਝੇ ਸਿਵਲ ਕੋਡ (ਯੂ ਸੀ ਸੀ) ਦੇ ਵਿਰੋਧ ਦੇ ਕੀਤੇ ਐਲਾਨ ’ਤੇ ਹੈਰਾਨੀ ਪ੍ਰਗਟ ਕਰਦਿਆਂ ਭਾਜਪਾ ਦੇ  ਸਿੱਖ ਆਗੂ ਨੇ ਸ਼੍ਰੋਮਣੀ ਕਮੇਟੀ ਨੂੰ ਆਖਿਆ ਹੈ ਕਿ ਉਹ ਸਪਸ਼ਟ ਕਰੇ ਕਿ ਜਦੋਂ ਕਾਨੂੰਨ ਕਮਿਸ਼ਨ ਨੇ ਯੂ ਸੀ ਸੀ ’ਤੇ ਕੋਈ ਖਰੜਾ ਹੀ ਜਾਰੀ ਨਹੀਂ ਕੀਤਾ ਤਾਂ ਫਿਰ ਇਹ ਹੋਂਦ ਵਿਹੂਣੇ ਯੂ ਸੀ ਸੀ ਦਾ ਵਿਰੋਧ ਕਰਨ ਲਈ ਬਜਿੱਦ ਕਿਉਂ ਹੈ? ਉਹਨਾਂ ਇਹ ਵੀ ਆਖਿਆ ਕਿ ਕਿਸੇ ਵੀ ਸਰਕਾਰ ਵਿਚ ਇਹ ਜੁਰੱਅਤ ਨਹੀਂ ਹੈ ਕਿ ਉਹ ਸਿੱਖ ਦੀ ਵਿਲੱਖਣ ਪਛਾਣ ਤੇ ਇਸਦੀਆਂ ਪਰੰਪਰਾਵਾਂ ਨਾਲ ਛੇੜਖਾਨੀ ਕਰ ਸਕੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਆਪਣੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ, ਉਸ ਬਿਆਨ ’ਤੇ ਹੈਰਾਨ ਜਿਸ ਵਿਚ ਇਸਨੇ ਕਿਹਾ ਕਿ ਇਹ ਯੂ ਸੀ ਸੀ ਦੇ ਇਸ ਕਰ ਕੇ ਖਿਲਾਫ ਹੈ ਕਿਉਂਕਿ ਸਿੱਖਾਂ ਦੀ ਆਪਣੀ ਵਿਲੱਖਣ ਪਛਾਣ, ਪਰੰਪਰਾਵਾਂ ਤੇ ਧਾਰਮਿਕ ਵਿਸ਼ਵਾਸ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਸ ਬਿਆਨ ਕਾਰਨ ਸਿੱਖਾਂ ਵਿਚ ਦੁਬਿਧਾ ਪੈਦਾ ਹੋਈ ਹੈ। ਉਹਨਾਂ ਕਿਹਾ ਕਿ ਨਾ ਸਿਰਫ ਸਾਡੇ ਦੇਸ਼ ਦੀਆਂ ਬਲਕਿ ਦੁਨੀਆਂ ਭਰ ਵਿਚ ਸਰਕਾਰਾਂ ਨੇ ਸਿੱਖਾਂ ਦੀ ਵਿਲੱਖਣ ਪਛਾਣ ਤੇ ਇਸਦੀਆਂ ਪਰੰਪਰਾਵਾਂ ਮਾਨਤਾ ਦਿੱਤੀ ਹੈ ਤੇ ਇਸੇ ਕਾਰਨ ਸਿੱਖ ਕ੍ਰਿਪਾਨ ਸਾਰੀ ਦੁਨੀਆਂ ਵਿਚ ਲਿਜਾਈ ਜਾਂਦੀ ਹੈ। ਉਹਨਾਂ ਕਿਹਾ ਕਿ ਸਿਰਫ ਭਾਰਤੀ ਹੀ ਨਹੀਂ ਬਲਕਿ ਅਨੇਕਾਂ ਦੇਸ਼ਾਂ ਵਿਚ ਸਿੱਖ ਫੌਜੀਆਂ ਨੂੰ ਆਪਣੀ ਵੱਖਰੀ ਪਛਾਣ ਤੇ ਪਰੰਪਰਾਵਾਂ ਕਾਇਮ ਰੱਖਣ ਦੀ ਛੋਟ ਦਿੱਤੀ ਗਈ ਹੈ।
ਉਹਨਾਂ ਮੁੜ ਦੁਹਰਾਇਆ ਕਿ ਕਿਸੇ ਵੀ ਸਰਕਾਰ ਵਿਚ ਇੰਨੀ ਜੁਰੱਅਤ ਨਹੀਂ ਹੈ ਕਿ ਉਹ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਪਰੰਪਰਾਵਾਂ ਨਾਲ ਛੇੜਛਾੜ ਕਰ ਸਕੇ।
ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕੀਤਾ ਕਿ ਉਹ ਦੱਸਣ ਦੀ ਕ੍ਰਿਪਾਲਤਾ ਕਰਨ ਕਿ ਸ਼੍ਰੋਮਣੀ ਕਮੇਟੀ ਯੂ ਸੀ ਸੀ ਦੇ ਕਿਹੜੇ ਖਰੜੇ ਦਾ ਵਿਰੋਧ ਕਰ ਰਹੀ ਹੈ ਜੋ ਸਿੱਖ ਧਰਮ, ਇਸਦੇ ਵਿਸ਼ਵਾਸ ਅਤੇ ਪਰੰਪਰਾਵਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਕੋਈ ਖਰੜਾ ਪੇਸ਼ ਕਰਦੀ ਹੈ ਤਾਂ ਫਿਰ ਦੇਸ਼ ਭਰ ਦੇ ਸਿੱਖ ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਦੀ ਹਮਾਇਤ ਕਰਨਗੇ।
ਆਪਣੇ ਸਿਆਸੀ ਆਕਾਵਾਂ ਦਾ ਹੁਕਮ ਵਜਾਉਣ ’ਤੇ ਸ਼੍ਰੋਮਣੀ ਕਮੇਟੀ ਦੀ ਨਿਖੇਧੀ ਕਰਦਿਆਂ ਸਿਰਸਾ ਨੇ ਕਿਹਾ ਕਿ ਬਜਾਏ ਕਿ ਕਾਨੂੰਨ ਕਮਿਸ਼ਨ ਨੂੰ ਇਹ ਦੱਸਣ ਕਿ ਸਿੱਖਾਂ ਦੀ ਆਪਣੀ ਵਿਲੱਖਣ ਪਛਾਣ ਕੀ ਹੈ, ਇਸਦੀਆਂ ਪਰੰਪਰਾਵਾਂ ਕੀ ਹਨ ਤੇ ਸਿੱਖਾਂ ਇਸ ਮਾਮਲੇ ਵਿਚ ਇਹ ਕਾਨੂੰਨ ਕਮਿਸ਼ਨ ਤੋਂ ਕੀ ਆਸ ਕਰਦੇ ਹਨ, ਸ਼੍ਰੋਮਣੀ ਕਮੇਟੀ ਹੋਂਦ ਵਿਹੂਣੇ ਯੂ ਸੀ ਸੀ ਦਾ ਵਿਰੋਧ ਕਰ ਰਹੀ ਹੈ ਜਿਸ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਇਹ ਕਾਰਵਾਈ ਇਸਨੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਤੇ ਉਹਨਾਂ ਦੇ ਰਾਜਸੀ ਏਜੰਡੇ ਨੂੰ ਅੱਗੇ ਤੋਰਨ ਵਾਸਤੇ ਕੀਤੀ ਹੈ ਕਿਉਂਕਿ ਪੰਜਾਬ ਵਿਚ ਭਾਜਪਾ ਦਾ ਅਕਾਲੀ ਦਲ ਨਾਲ ਗਠਜੋੜ ਨਹੀਂ ਹੈ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕ ਨਿਰੋਲ ਧਾਰਮਿਕ ਸੰਸਥਾ ਹੈ ਜਿਸਦਾ ਕੰਮ ਸਿੱਖ ਧਰਮ ਵਾਸਤੇ ਕੰਮ ਕਰਨਾ ਹੈ।

ਉਹਨਾਂ ਕਿਹਾ ਕਿ ਵਿਰੋਧ ਦੀ ਖਾਤਰ ਵਿਰੋਧ ਕਰ ਕੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨਾ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ ਹੈ। ਉਸਨੂੰ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਦੀ ਥਾਂ ਆਪਣੀਆਂ ਜ਼ਿੰਮੇਵਾਰੀ ਸਮਝਦਿਆਂ ਉਸ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ। 

 

Leave a Reply

Your email address will not be published. Required fields are marked *