ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਸਿਵਲ ਕੋਡ (ਯੂ ਸੀ ਸੀ) ਦੇ ਮਾਮਲੇ ’ਤੇ ਸਿੱਖ ਕੌਮ ਦੀ ਆਮ ਰਾਇ ਉਭਾਰਨ ਵਾਸਤੇ ਦੇਸ਼ ਭਰ ਤੋਂ ਸਿੱਖ ਬੁੱਧੀਜੀਵੀਆਂ ਦੀ 7 ਜੁਲਾਈ ਨੂੰ ਮੀਟਿੰਗ ਸੱਦ ਲਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦੇਸ਼ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐਨ ਡੀ ਏ ਸਰਕਾਰ ਨੇ ਸਾਂਝੇ ਸਿਵਲ ਕੋਡ (ਯੂ ਸੀ ਸੀ) ਲਾਗੂ ਕਰਨ ਵਾਸਤੇ ਤਜਵੀਜ਼ ਪੇਸ਼ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਤਜਵੀਜ਼ ’ਤੇ ਦੇਸ਼ ਭਰ ਤੋਂ ਸਿੱਖ ਬੁੱਧੀਜੀਵੀਆਂ ਦੀ ਮੀਟਿੰਗ ਭਲਕੇ 7 ਜੁਲਾਈ ਨੂੰ ਦੁਪਹਿਰ 12.00 ਵਜੇ ਕਾਨਫਰੰਸ ਹਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਗੁਰੂ ਗੋਬਿੰਦ ਸਿੰਘ ਭਵਨ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਸੱਦੀ ਗਈ ਹੈ।
ਉਹਨਾਂ ਦੱਸਿਆ ਕਿ ਮੀਟਿੰਗ ਵਾਸਤੇ ਸਿੱਖ ਬੁੱਧੀਜੀਵੀਆਂ ਨੂੰ ਸੱਦਾ ਪੱਤਰ ਕੁਝ ਦਿਨ ਪਹਿਲਾਂ ਹੀ ਭੇਜ ਦਿੱਤੇ ਗਏ ਸਨ ਤੇ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਬੁੱਧੀਜੀਵੀਆਂ ਦੇ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ।
ਉਹਨਾਂ ਦੱਸਿਆ ਕਿ ਮੀਟਿੰਗ ਦਾ ਮਕਸਦ ਸਿੱਖ ਕੌਮ ਦੀ ਯੂ ਸੀ ਸੀ ਬਾਰੇ ਆਮ ਰਾਇ ਤਿਆਰ ਕਰਨਾ ਅਤੇ ਇਸ ਰਾਇ ਤੋਂ ਮੋਦੀ ਸਰਕਾਰ ਨੂੰ ਜਾਣੂ ਕਰਵਾਉਣਾ ਹੈ। ਉਹਨਾਂ ਕਿਹਾ ਕਿ ਕੌਮ ਦੇ ਬੁੱਧੀਜੀਵੀ ਤੇ ਹੋਰ ਸਤਿਕਾਰ ਸ਼ਖਸੀਅਤਾਂ ਇਸ ਬਾਰੇ ਕਿਵੇਂ ਸੋਚਦੀਆਂ ਹਨ, ਇਹ ਰਾਇ ਉਭਰ ਕੇ ਸਾਹਮਣੇ ਆਉਣੀ ਜ਼ਰੂਰੀ ਹੈ। ਉਹਨਾਂ ਆਸ ਪ੍ਰਗਟਾਈ ਕਿ ਮੀਟਿੰਗ ਨੂੰ ਭਰਵਾਂ ਹੁੰਗਾਰਾ ਮਿਲੇਗਾ।