Fri. Mar 1st, 2024


ਨਵੀਂ ਦਿੱਲੀ – ਤਖ਼ਤ ਪਟਨਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੁਰਾਤਨ ਮਰਿਆਦਾ ਅਨੁਸਾਰ ਮਨਾਇਆ ਗਿਆ, ਜਿਸ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਰਾਜਪਾਲ ਰਾਜਿੰਦਰ ਅਲੇਨਕਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਹਰਪਾਲ ਕੌਰ, ਯੂ.ਪੀ ਦੇ ਸਾਬਕਾ ਸੂਬਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਆਗੂ ਐਸ.ਐਸ.ਆਹਲੂਵਾਲੀਆ ਸਮੇਤ ਕਈ ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ ਨੇ ਪਹੁੰਚ ਕੇ ਗੁਰੂ ਮਹਾਰਾਜ ਅੱਗੇ ਆਪਣਾ ਅਕੀਦਾ ਭੇਟ ਕੀਤਾ। ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਮਾਣਯੋਗ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।
ਇਸ ਦੌਰਾਨ ਬਿਹਾਰ ਦੇ ਮੁੱਖਮੰਤਰੀ ਸ੍ਰੀ ਨਿਤੀਸ਼ ਕੁਮਾਰ ਵੱਲੋਂ ਤਖ਼ਤ ਕਮੇਟੀ ਦੁਆਰਾ ਤਿਆਰ ਕੀਤੇ ਕੈਲੰਡਰ ਅਤੇ ਸੋਵੀਨੀਅਰ ਨੂੰ ਜਾਰੀ ਕੀਤਾ ਗਿਆ। ਗੁਰੂ ਮਹਾਰਾਜ ਦੀ ਬਖਸ਼ੀਸ਼ ਸਦਕਾ ਸਮੁੱਚੇ ਸਮਾਗਮ ਸੁਚਾਰੂ ਪ੍ਰਬੰਧ ਨਾਲ ਸੰਪੰਨ ਹੋਏ।
ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ 15 ਤੋਂ 17 ਜਨਵਰੀ ਤੱਕ ਕਵੀ ਦਰਬਾਰ, ਨਗਰ ਕੀਰਤਨ ਅਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਆਪਣੀ ਹਾਜਰੀ ਦਰਜ ਕਰਵਾਈ। ਸੰਗਤ ਲਈ ਰਿਹਾਇਸ਼ ਤੋਂ ਲੈ ਕੇ ਲੰਗਰ ਆਦਿ ਦੇ ਸੁਚੱਜੇ ਪ੍ਰਬੰਧ ਕਮੇਟੀ ਵੱਲੋਂ ਕੀਤੇ ਗਏ ਸਨ।
ਬਿਹਾਰ ਸਰਕਾਰ ਵੱਲੋਂ ਸੰਗਤ ਦੀ ਰਿਹਾਇਸ਼ ਲਈ ਓਪੀ ਸਾਹੂ ਕਮਿਊਨਿਟੀ ਭਵਨ, ਪੰਜਾਬ ਭਵਨ ਗੁਰੂ ਕਾ ਬਾਗ, ਟੀ.ਐਫ.ਸੀ. ਨਿਵਾਸ ਵੀ ਕੰਗਾਨਘਾਟ ਕਮੇਟੀ ਨੂੰ ਦਿੱਤਾ ਗਿਆ, ਇਸ ਦੇ ਨਾਲ ਹੀ 25 ਦੇ ਕਰੀਬ ਬੱਸਾਂ ਸੰਗਤਾਂ ਨੂੰ ਏਅਰਪੋਰਟ, ਰੇਲਵੇ ਸਟੇਸ਼ਨ ਤੋਂ ਲਿਆਉਣ ਅਤੇ ਛੱਡਣ ਲਈ, ਗੁਰੂਦੁਆਰਾ ਰਾਜਗੀਰ ਸਾਹਿਬ ਦੇ ਦਰਸ਼ਨਾਂ ਲਈ ਬਿਨਾਂ ਕਿਸੇ ਫੀਸ ਦੇ ਦਿੱਤੀਆਂ ਗਈਆਂ।
ਇਸ ਦੇ ਨਾਲ ਹੀ ਬਿਹਾਰ ਸਰਕਾਰ ਦੇ ਸਮੁੱਚੇ ਪ੍ਰਸ਼ਾਸਨ ਵੱਲੋਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਤੋਂ ਲੈ ਕੇ ਇਸ ਦੇ ਮੁਕੰਮਲ ਹੋਣ ਤੱਕ ਸੰਪੂਰਣ ਸਹਿਯੋਗ ਦਿੱਤਾ ਗਿਆ। ਤਖ਼ਤ ਸਾਹਿਬ ਵਿਖੇ ਸੰਗਤਾਂ ਲਈ 24 ਘੰਟੇ ਲੰਗਰ ਸੇਵਾ ਚਲਦੀ ਰਹੀ। ਇਸ ਦੇ ਨਾਲ ਹੀ ਕਾਰ ਸੇਵਾ ਸੰਪਰਦਾਵਾਂ ਅਤੇ ਹੋਰ ਸੰਗਤਾਂ ਵੱਲੋਂ ਨਿਵਾਸ ਦੇ ਨੇੜੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕਮੇਟੀ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਜਨਰਲ ਸਕੱਤਰ ਇੰਦਰਜੀਤ ਸਿੰਘ, ਸਕੱਤਰ ਹਰਬੰਸ ਸਿੰਘ ਸਮੇਤ ਕਮੇਟੀ ਦਫ਼ਤਰ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਅਣਥਕ ਮਿਹਨਤ ਸਦਕਾ ਸਮੁੱਚੇ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਹੋਏ।

 

Leave a Reply

Your email address will not be published. Required fields are marked *