Mon. Feb 26th, 2024


ਨਵੀਂ ਦਿੱਲੀ – ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਅਤੇ ਸਮਾਜਿਕ ਕਾਰਕੁਨ ਇੰਦਰਪ੍ਰੀਤ ਸਿੰਘ ਮੌਂਟੀ ਨੇ ਦਸਿਆ ਕਿ ਸਿੱਖ ਪਰਿਵਾਰਾਂ ਨੂੰ ਵੱਧ ਤੋਂ ਵੱਧ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਦੀ ਇਕ ਲੜੀ ਦਿੱਲੀ ਦੇ ਪਛਮੀ ਇਲਾਕੇ ਅੰਦਰ ਵੱਖ ਵੱਖ ਗੁਰੂਦੁਆਰਾ ਸਾਹਿਬ ਵਿਖੇ ਸ਼ੁਰੂ ਕੀਤੀ ਗਈ ਹੈ । ਇਸ ਲੜੀ ਵਿਚ ਪੰਥਕ ਕਥਾਵਾਚਕ ਭਾਈ ਸਾਹਿਬ ਪਰਮਜੀਤ ਸਿੰਘ ਖਾਲਸਾ ਸੰਗਤਾਂ ਨੂੰ ਸ਼ਾਮ ਦੇ ਦੀਵਾਨਾ ਅੰਦਰ ਗੁਰਬਾਣੀ ਦੀ ਕਥਾ ਰਾਹੀਂ ਸੰਗਤਾਂ ਨੂੰ ਵੱਧ ਤੋਂ ਵੱਧ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕਰ ਰਹੇ ਹਨ । ਅੰਮ੍ਰਿਤ ਸੰਚਾਰ ਸਮਾਗਮ ਸੁਭਾਸ਼ ਨਗਰ ਦੇ ਸਤ ਬਲਾਕ ਗੁਰਦਵਾਰਾ ਸਾਹਿਬ ਵਿਖੇ ਦਿਨ ਐਤਵਾਰ ਮਿੱਤੀ 14 ਜਨਵਰੀ ਨੂੰ ਹੋਣਗੇ । ਉਨ੍ਹਾਂ ਨੇ ਇਸ ਅੰਮ੍ਰਿਤਸੰਚਾਰ ਵਿਚ ਜੋ ਸਿੱਖ ਪਰਿਵਾਰ ਹਾਲੇ ਤਕ ਗੁਰੂ ਵਾਲੇ ਨਹੀਂ ਬਣੇ ਹਨ ਉਨ੍ਹਾਂ ਨੂੰ ਗੁਰੂ ਵਾਲੇ ਬਣਨ ਲਈ ਬੇਨਤੀ ਕੀਤੀ ਹੈ ।
ਮੌਂਟੀ ਨੇ ਇਸ ਬਾਰੇ ਆਪਣੇ ਵਿਚਾਰ ਦਸਦਿਆ ਕਿਹਾ ਕਿ ਜਿਸ ਤਲਵਾਰ ਵਿੱਚੋਂ ਸੰਸਾਰ ਦੇ ਲੋਕਾਂ ਨੇ ਸਦਾ ਮੌਤ ਹੀ ਵੇਖੀ ਸੀ, ਸਿੱਖ ਨੂੰ ਗੁਰੂ ਦੀ ਤਲਵਾਰ ਵਿੱਚੋਂ ਵੀ ਜ਼ਿੰਦਗੀ ਨਜ਼ਰ ਆਈ ਅਤੇ ਸੱਚ ਹੋਇਆ ਵੀ ਇਹੀ, ਸਤਿਗੁਰੂ ਨੇ ਉਨ੍ਹਾਂ ਪੰਜਾਂ ਨੂੰ ਖੰਡੇ ਬਾਟੇ ਦੀ ਪਾਹੁਲ ਬਖ਼ਸ਼ ਕੇ ਇਕ ਨਵੇਂ ਪੰਥਕ ਜੀਵਨ ਦਾ ਪਾਂਧੀ ਬਣਾ ਦਿੱਤਾ। ਸਤਿਗੁਰੂ ਨੇ ਇਨ੍ਹਾਂ ਸਿੱਖਾਂ ਨੂੰ ਜਿੱਥੇ ਇਕ ਵਿਲੱਖਣ ਬਾਣਾ ਬਖਸ਼ਿਸ਼ ਕੀਤਾ, ਉੱਥੇ ਨਾਲ ਹੀ ਇਕ ਗੁਰਮਤਿ ਰਹਿਤ ਦ੍ਰਿੜ ਕਰਾਈ।
ਗੁਰੂ ਨਾਨਕ ਪਾਤਿਸ਼ਾਹ ਨੇ ਤਾਂ ਧਰਮ ਦੇ ਮਾਰਗ ਤੇ ਚਲਣ ਦੇ ਜਗਿਆਸੂਆਂ ਵਾਸਤੇ ਪਹਿਲੀ ਸ਼ਰਤ ਹੀ ਇਹ ਰੱਖੀ ਸੀ:
“ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥20॥” (ਪੰਨਾ 1412)
ਇਹ ਜੀਵਨ ਅਵਸਥਾ ਕੋਈ ਇਕ ਦਿਨ ਵਿੱਚ ਨਹੀਂ ਸੀ ਪ੍ਰਾਪਤ ਹੋ ਗਈ ਕਿ ਗੁਰੂ ਨੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਸੀਸ ਮੰਗਿਆ ਅਤੇ ਸਿੱਖ ਨੇ ਉਠ ਕੇ ਸੀਸ ਭੇਟ ਕਰ ਦਿੱਤਾ। ਭਾਰਤੀ ਗੁਲਾਮ ਪ੍ਰਵਿਰਤੀ ਵਾਲੇ ਮਹੌਲ ਵਿੱਚ ਪਲੇ, ਮਾਨਸਿਕ ਤੌਰ ਤੇ ਅਤਿ ਕਮਜ਼ੋਰ ਹੋ ਚੁੱਕੇ ਮਨੁੱਖ ਨੂੰ, ਸ਼ਰੀਰ ਦੇ ਨਾਲ ਆਤਮਕ ਤੌਰ ਤੇ ਤਾਕਤਵਰ ਕਰਨ ਵਿੱਚ, ਇਸ ਵੱਡੇ ਇਮਤਿਹਾਨ ਵਾਸਤੇ ਤਿਆਰ ਕਰਨ ਵਿੱਚ, ਦੋ ਸੌ ਸਾਲ ਤੋਂ ਵਧ ਸਮਾਂ ਲੱਗਾ ਸੀ। ਇਹ ਗੁਰਬਾਣੀ ਦੇ ਲਗਾਤਾਰ ਅਭਿਆਸ ਦਾ ਕਰਿਸ਼ਮਾ ਸੀ, ਗੁਰਬਾਣੀ ਦੇ ਗੁਣ ਜੀਵਨ ਵਿੱਚ ਵੱਸ ਜਾਣ ਦਾ ਸਾਕਸ਼ਾਤ ਪ੍ਰਮਾਣ ਸੀ, ਗੁਰਬਾਣੀ ਨੂੰ ਜੀਵਨ ਵਿੱਚ ਧਾਰਨ ਕਰਕੇ, ਨਿਰਭਉ ਨਿਰਵੈਰ ਦੀ ਸਹਜ ਅਵਸਥਾ ਨੂੰ ਪੁਜ ਚੁੱਕੇ ਸਿੱਖ ਦਾ ਸਹਜ ਵਰਤਾਰਾ ਸੀ ਕਿ ਉਸ ਨੂੰ ਧਰਮ ਵਾਸਤੇ ਆਪਣਾ ਸੀਸ ਗੁਰੂ ਨੂੰ ਭੇਟ ਕਰਨ ਵਾਸਤੇ ਪੱਲ ਵੀ ਨਹੀਂ ਸੋਚਣਾ ਪਿਆ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਤਾਂ ਗੁਰੂ ਨਾਨਕ ਪਾਤਿਸ਼ਾਹ ਵਲੋਂ ਇਕ ਪੂਰਨ ਮਨੁੱਖ ਦੀ ਘਾੜਨਾ ਦੇ ਅਰੰਭੇ ਮਿਸ਼ਨ ਦੀ ਸੰਪੂਰਨਤਾ ਦਾ ਐਲਾਨ ਕਰਦੇ ਹੋਏ, ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਸਿੱਖ ਨੂੰ ਪਰਖ ਕੇ, ਇਸ ਨੂੰ ਖ਼ਾਲਸੇ ਦਾ ਰੁਤਬਾ ਦੇ ਕੇ ਇਕ ਕੌਮੀ ਨੇਮ ਵਿੱਚ ਚਲਣ ਲਈ ਵਚਨਬੱਧ ਕਰ ਦਿੱਤਾ। ਸਿੱਖ ਭਾਈ ਚਾਰੇ ਨੂੰ ਖੰਡੇ-ਬਾਟੇ ਦੀ ਪਾਹੁਲ ਦੁਆਰਾ, ਗੁਰਬਾਣੀ ਗਿਆਨ ਦੇ ਉਪਦੇਸ਼ ਅਨੁਸਾਰੀ ਜੀਵਨ ਵਾਲੀ, ਵਿਲੱਖਣ ਕੌਮ ਦੇ ਤੌਰ ਤੇ ਵਿਕਸਿਤ ਹੋਣ ਦੀ ਸ਼ੁਰੂਆਤ ਕਰ ਦਿੱਤੀ ਸੀ। ਇਸ ਤਰ੍ਹਾਂ ਜੇ ਸਾਰੇ ਵਰਤਾਰੇ ਦਾ ਤੱਤਸਾਰ ਕਢੀਏ ਤਾਂ ਸਤਿਗੁਰੂ ਨੇ ਖੰਡੇ ਬਾਟੇ ਦੀ ਪਾਹੁਲ ਦੁਆਰਾ ਸਿੱਖ ਦੇ ਇਹ ਪ੍ਰਣ ਕਰਨ ਦੀ ਰਵਾਇਤ ਦੀ ਸ਼ੁਰੂਆਤ ਕੀਤੀ ਸੀ ਕਿ ਸਿੱਖ ਇਕ ਵਿਲੱਖਣ ਕੌਮ ਦੇ ਤੌਰ ਤੇ ਵਿੱਚਰਦੇ ਹੋਏ, ਆਪਣੇ ਜੀਵਨ ਵਿੱਚ ਗੁਰਬਾਣੀ ਦੇ ਉਪਦੇਸ਼ ਤੇ ਦ੍ਰਿੜਤਾ ਨਾਲ ਪਹਿਰਾ ਦੇਵੇਗਾ ਅਤੇ ਗੁਰਮਤਿ ਦੇ ਪਹਿਰੇ ਵਿੱਚ ਹੀ ਆਪਣਾ ਜੀਵਨ ਬਤੀਤ ਕਰੇਗਾ।

 

Leave a Reply

Your email address will not be published. Required fields are marked *