ਨਵੀਂ ਦਿੱਲੀ -ਅੰਤਰਰਾਸ਼ਟਰੀ ਡਰੱਗ ਵਪਾਰ ਵਿਚ ਹਿੱਸੇਦਾਰੀ ਲਈ ਦਿੱਲੀ ਕਮੇਟੀ ਦੇ ਸਰੋਤਾਂ ਤੇ ਸਟਾਫ ਦੀ ਕਥਿਤ ਵਰਤੋਂ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂਆਂ ਉਤੇ ਲੱਗੇ ਇਲਜ਼ਾਮਾਂ ‘ਤੇ ਸਿਆਸਤ ਭਖ ਗਈ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਜਾਗੋ ਪਾਰਟੀ ਵੱਲੋਂ ਸਾਂਝੇ ਤੌਰ ਉਤੇ ਅੱਜ “ਰੋਸ਼ ਸਭਾ” ਦਾ ਆਯੋਜਨ ਕੀਤਾ ਗਿਆ। ਅਕਾਲੀ ਦਲ ਦਫਤਰ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਮੁੱਖ ਗੇਟ ਕੋਲ ਬਣੇ ਪਾਣੀ ਦੇ ਪਿਆਓ ਤੱਕ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਮਾਰਚ ਕੀਤਾ। ਪਿਆਓ ਨੇੜੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਕਮੇਟੀ ਆਗੂਆਂ ਉਤੇ ਕਰਾਰਾ ਸ਼ਬਦੀ ਹਮਲਾ ਕੀਤਾ।
ਜੀਕੇ ਨੇ ਕਿਹਾ ਕਿ ‘ਸਰਸੇ’ ਸਿੱਖਾਂ ਨੂੰ ਰਾਸ ਨਹੀਂ ਆਉਂਦੇ। ਗੁਰੂ ਕਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ‘ਸਰਸਾ ਨਦੀ’ ਉਤੇ ਹੋਇਆ ਸੀ। ਜਿਸ ਦੇ ਸਿੱਟੇ ਵਜੋਂ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਜਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਦੇ ਵੀ ਦੁਬਾਰਾ ਮਿਲਾਪ ਨਹੀਂ ਹੋ ਪਾਇਆ ਸੀ। ਮੌਜੂਦਾ ਸਮੇਂ ਵਿਚ ਡੇਰਾ ਸਿਰਸਾ ਮੁੱਖੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀ ਅਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਤਾਰ ਵੀ ਉਸਦੇ ਅਖੌਤੀ ਡੇਰੇ ਨਾਲ ਜੁੜੇ ਸੀ। ਪਰ ਹੁਣ ਤਾਜ਼ੇ ਖੁਲਾਸੇ ਵਿਚ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਸਰੋਤਾਂ ਅਤੇ ਸਟਾਫ ਦੀ ਵਰਤੋਂ ਕਰਦਿਆ ਕੈਨੇਡਾ ਵਿਚ ਬੇਨਾਮੀ ਡਰੱਗ ਵਪਾਰ ਵਿਚ ਹਿੱਸੇਦਾਰੀ ਪਾਉਣ ਦੇ ਇਲਜ਼ਾਮ ਲੱਗੇ ਹਨ। ਕੇਂਦਰੀ ਮੰਤਰੀ ਨਰਿੰਦਰ ਤੋਮਰ ਦੇ ਪੁੱਤਰ ਦਵਿੰਦਰ ਤੋਮਰ ਤੇ ਪ੍ਰਬਲ ਤੋਮਰ ਨਾਲ ਮਿਲ ਕੇ ਸਿਰਸਾ ਵੱਲੋਂ ਭਾਰਤ ਤੋਂ ਜਾਰਜੀਆ ਰਾਹੀਂ ਕੈਨੇਡਾ ਵਿਚ ਕਾਲਾ ਧਨ ਭੇਜ ਕੇ ਕਾਲੇ ਡਰੱਗ ਵਪਾਰ ਵਿਚ ਨਿਵੇਸ਼ ਕਰਨ ਤੇ ਕਰਵਾਉਣ ਦੇ ਸਬੂਤ ਸਿਰਸਾ-ਤੋਮਰ ਦਾ ਪੁਰਾਣਾ ਹਮਰਾਜ਼ ਜਗਮਨਦੀਪ ਸਿੰਘ ਸਮਰਾ ਮੀਡੀਆ ਵਿਚ ਧੜਲੇ ਨਾਲ ਕਰ ਰਿਹਾ ਹੈ।‌ ਇਹ ਅਖੌਤੀ ਹਮਰਾਜ਼ ਕਿਸ਼ਤਾਂ ਵਿਚ ਇਸ ਸੰਬੰਧੀ ਦਿੱਲੀ ਕਮੇਟੀ ਅਤੇ ਸਟਾਫ ਦੇ ਬੈਂਕ ਖਾਤਿਆਂ ਦੀ ਕਥਿਤ ਸ਼ਮੂਲੀਅਤ ਉਤੋਂ ਵੀ ਪਰਦਾ ਚੁੱਕ ਰਿਹਾ ਹੈ। ਇਸ ਲਈ ਅਸੀਂ ਮੰਗ ਕਰ ਰਹੇ ਹਾਂ ਕਿ ਇਸ ਕਥਿਤ ਮਨੀ ਟਰਾਂਸਫਰ ਦੀ ਜਾਂਚ ਇਨਕਮ ਟੈਕਸ ਵਿਭਾਗ ਅਤੇ ਈ.ਡੀ. ਕਰੇਂ ਪਰ ਉਸ ਜਾਂਚ ਦੀ ਨਿਗਰਾਨੀ ਸੁਪਰੀਮ ਕੋਰਟ ਕਰੇਂ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਤੰਬਾਕੂ ਦੇ ਖੇਤ ਵਿਚੋਂ ਲੰਘਣ ਤੋਂ ਇਨਕਾਰੀ ਹੋ ਗਿਆ ਸੀ, ਪਰ ਇਨ੍ਹਾਂ ਕਥਿਤ ਧਾਰਮਿਕ ਲੋਕਾਂ ਉਤੇ ਗਾਂਜਾ ਤੇ ਭੰਗ ਦੀ ਖੇਤੀ ਕਰਨ ਦੇ ਇਲਜ਼ਾਮ ਲੱਗ ਰਹੇ ਹਨ। ਇਸ ਮੌਕੇ ਕਰਤਾਰ ਸਿੰਘ ਚਾਵਲਾ, ਤਜਿੰਦਰ ਸਿੰਘ ਗੋਪਾ, ਬਲਦੇਵ ਸਿੰਘ ਰਾਣੀ ਬਾਗ਼, ਰਮਨਦੀਪ ਸਿੰਘ ਸੋਨੂੰ, ਜਤਿੰਦਰ ਸੀਂਗੁ ਸੋਨੂੰ, ਮਨਦੀਪ ਸਿੰਘ, ਬੀਬੀ ਰਣਜੀਤ ਕੌਰ ਦੇ ਨਾਲ ਜਾਗੋ ਦੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਸਤਨਾਮ ਸਿੰਘ ਖਾਲਸਾ, ਜਾਗੋ ਆਗੂ ਡਾਕਟਰ ਪਰਮਿੰਦਰ ਪਾਲ ਸਿੰਘ, ਬਖਸ਼ਿਸ਼ ਸਿੰਘ, ਬਾਬੂ ਸਿੰਘ ਦੁਖੀਆ, ਸੁਖਮਨ ਸਿੰਘ ਸਾਹਨੀ, ਮਨਜੀਤ ਸਿੰਘ ਆਦਿਕ ਮੌਜੂਦ ਸਨ।

 

Leave a Reply

Your email address will not be published. Required fields are marked *