ਨਵੀਂ ਦਿੱਲੀ- ਭਾਜਪਾ ਦੇ ਸਿੱਖ ਆਗੂ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਖਿਲਾਫ ਸੋਸ਼ਲ ਮੀਡੀਆ `ਤੇ ਪੋਸਟਾਂ ਪਾਉਣ ਦਾ ਮਾਮਲਾ ਆਪਣੇ ਪਾਕਿਸਤਾਨੀ ਹਮਰੁਤਬਾ ਕੋਲ ਚੁੱਕੇ ਤਾਂ ਜੋ ਉਹਨਾਂ ਨੂੰ ਸਜ਼ਾ ਦੁਆਈ ਜਾ ਸਕੇ ਜਿਹਨਾਂ ਨੇ ਭਾਰਤੀ ਕ੍ਰਿਕਟਰ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢੀ ਹੈ।ਸ. ਸਿਰਸਾ ਨੇ ਕਿਹਾ ਕਿ ਕੱਲ ਹੋਏ ਭਾਰਤ ਅਤੇ
ਪਾਕਿਸਤਾਨ ਵਿਚਾਲੇ ਮੈਚ ਵਿਚ ਭਾਰਤੀ ਟੀਮ ਨੇ ਪੂਰੇ ਉਤਸ਼ਾਹ ਤੇ ਸਮਰਪਣ ਦੀ ਭਾਵਨਾ ਨਾਲ ਖੇਡ ਖੇਡੀ।ਉਹਨਾਂ ਕਿਹਾ ਕਿ ਮੈਚ ਤੋਂ ਬਾਅਦ ਕੁਝ ਪਾਕਿਸਤਾਨੀ ਪੱਤਰਕਾਰਾਂ ਅਤੇ ਭਾਰਤ ਵਿਰੋਧੀ ਬੰਦਿਆਂ ਨੇ ਸੋਸ਼ਲ ਮੀਡੀਆ `ਤੇ ਕੂੜ ਪ੍ਰਚਾਰ ਮੁਹਿੰਮ ਵਿੱਡ ਦਿੱਤੀ ਅਤੇ
ਅਰਸ਼ਦੀਪ ਸਿੰਘ ਦੇ ਸੰਬੰਧ ਖਾਲਿਸਤਾਨ ਨਾਲ ਜੋੜਨ ਦੀ ਅਸਫਲ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਆਈ.ਐਸ.ਆਈ ਦੀਆਂ ਹਦਾਇਤਾਂ ਮੁਤਾਬਕ ਆਪਣੀ ਭੂਮਿਕਾ ਨਿਭਾਈ ਹੈ।ਭਾਜਪਾ ਆਗੂ ਸ. ਸਿਰਸਾ ਨੇ ਕਿਹਾ ਕਿ ਜਦੋਂ ਵੀ ਭਾਰਤ ਵਿਚ ਸਿੱਖਾਂ ਦਾ ਉਭਾਰ ਹੋਇਆ
ਤੇ ਉਹਨਾਂ ਕੌਮਾਂਤਰੀ ਪ੍ਰਸਿੱਧੀ ਹਾਸਲ ਕੀਤੀ ਹੈ ਤਾਂ ਇਸ ਤੋਂ ਪਾਕਿਸਤਾਨ ਨੂੰ ਈਰਖਾ ਹੋਈ ਹੈ ਤੇ ਇਸ ਨੇ ਸਿੱਖਾਂ ਦੇ ਖਿਲਾਫ ਹਮੇਸ਼ਾ ਕੂੜ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ ਹੈ, ਕਈ ਵਾਰ ਉਹ ਗੁਰਦੁਆਰਾ ਸਾਹਿਬ ਦੇ ਨਾਂ `ਤੇ ਅਤੇ ਕਈ ਵਾਰ ਖਾਲਿਸਤਾਨ ਦੇ ਨਾਂ `ਤੇ
ਅਜਿਹਾ ਕੀਤਾ ਜਾਂਦਾ ਰਿਹਾ ਹੈ।ਉਹਨਾਂ ਕਿਹਾ ਕਿ ਅਰਸ਼ਦੀਪ ਸਿੰਘ ਇਕ ਹੋਣਹਾਰ ਤੇ ਸਮਰਪਿਤ ਭਾਰਤੀ ਖਿਡਾਰੀ ਹੈ ਜੋ ਆਪਣੇ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਦੇਸ਼ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਖੇਡਦਾ ਹੈ।ਉਹਨਾਂ ਕਿਹਾ ਕਿ ਉਸ ਦਾ ਖਾਲਿਸਤਾਨ ਏਜੰਡੇ ਨਾਲ ਕੋਈ ਲੈਣ
ਦੇਣ ਨਹੀਂ ਹੈ।ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਭਾਰਤ ਨੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਆਈ.ਐਸ.ਆਈ ਦਾ ਏਜੰਡਾ ਫੇਲ ਕੀਤਾ ਹੈ ਤੇ ਇਸ ਵਾਰ ਵੀ ਕਰੇਗਾ।ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਮਾਮਲਾ ਪਾਕਿਸਤਾਨ ਕੋਲ ਚੁੱਕਿਆ ਜਾਵੇ ਤਾਂ ਜੋ ਇਹ ਨਫਤਰੀ
ਏਜੰਡਾ ਫੈਲਾਉਣ ਵਾਲਿਆਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਸਕੇ।