Wed. Oct 4th, 2023


ਨਵੀਂ ਦਿੱਲੀ-ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਸਾਹਿਬ ਹਰ ਇਕ ਸਿੱਖ ਦੀ ਜ਼ਿੰਦਗੀ ਦਾ ਧੁਰਾ ਹੈ । ਪਰ ਅੱਜ ਅਸੀ ਦੇਖ ਰਹੇ ਹਾਂ ਕਿ ਹਰ ਦੂਜੇ ਤੀਜੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਡੇ ਪਵਿੱਤਰ ਗੁਰਧਾਮਾਂ ਦੀ ਬੇਅਦਬੀ ਗਿਣ ਮਿਥਕੇ ਹੋ ਰਹੀ ਹੈ । ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲ਼ੇ ਵਿਖੇ ਬੇਅਦਬੀ ਕਰਨ ਵਾਲਿਆਂ ਦੇ ਨਾਪਾਕ ਪੈਰ ਪਏ ਤਾਂ ਸਿੱਖ ਹਿਰਦੇ ਇਸ ਕਦਰ ਵਲੂੰਧਰੇ ਗਏ ਕਿ ਉਹਨਾਂ ਨੇ ਮੌਕੇ ਤੇ ਹੀ ਆਪਣੇ ਇਤਿਹਾਸ ਤੋਂ ਸੇਧ ਲੈਂਦਿਆਂ ਦੋਸ਼ੀਆਂ ਨੂੰ ਹੀ ਸੋਧ ਦਿੱਤਾ । ਕਿਉਂਕਿ ਹਰ ਸੱਚੇ ਸਿੱਖ ਲਈ ਗੁਰੂ ਸਾਹਿਬ ਦੇ ਅਦਬ ਤੋਂ ਪਰੇ ਸਭ ਉਜਾੜ ਹੈ । ਇਹ ਵੀਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ ਨੇ ਦਿੱਤੇ।
ਪਿਛਲੇ ਸਮੇਂ ਤੋਂ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ । ਹਰ ਹਫ਼ਤੇ ਕਿਤੇ ਨਾ ਕਿਤੇ ਬੇਅਦਬੀ ਦੀ ਕੋਸ਼ਿਸ਼ ਜਾਂ ਬੇਅਦਬੀ ਕਰਨ ਦੀ ਖਬਰ ਸਿੱਖ ਹਿਰਦੇ ਵਲੂੰਧਰ ਰਹੀ ਹੈ । ਕੱਲ੍ਹ ਜੋ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਜੋ ਘਟਨਾ ਵਾਪਰੀ ਹੈ । ਉਸਨੇ ਇਕ ਵਾਰ ਫੇਰ ਤੋਂ ਸਿੱਖਾਂ ਦੇ ਹਿਰਦਿਆਂ ਤੇ ਸੱਟ ਮਾਰੀ ਹੈ । ਜਿਸਦਾ ਦੋਸ਼ੀ ਫੜਿਆ ਜਾ ਚੁੱਕਾ ਹੈ । ਜਿੱਥੇ ਪੰਜਾਬ ਸਰਕਾਰ ਤੋਂ ਇਲਾਵਾ ਸਾਡੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਸਿਲਸਿਲੇ ਵਾਰ ਵਾਪਰ ਰਹੀਆਂ ਘਟਨਾਵਾਂ ਦੀ ਆਪਣੇ ਪੱਧਰ ਤੇ ਵੀ ਜਾਂਚ ਕਰਦੇ ਹੋਏ ਸਾਜ਼ਿਸ਼ਘਾੜਿਆਂ ਨੂੰ ਬੇਪਰਦ ਕਰੇ ਕਿਉਂਕੇ ਇਸ ਵਾਰੀ ਇਹ ਬੇਅਦਬੀ ਦੀ ਭਾਵਨਾ ਵਾਲਾ ਦੁਸ਼ਟ ਪ੍ਰਾਣੀ ਅਜੇ ਜਿਉਂਦਾ ਜਾਗਦਾ ਹੈ ਜਿਸ ਰਾਹੀਂ ਇਸ ਮਗਰ ਕੰਮ ਕਰ ਰਹੀਆਂ ਤਾਕਤਾਂ ਤੱਕ ਪਹੁੰਚਿਆ ਜਾ ਸਕਦਾ ਹੈ । ਸ ਸਰਨਾ ਨੇ ਆਖਿਆ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹਰ ਪੱਖੋਂ ਬੜੇ ਵਧੀਆ ਪ੍ਰਬੰਧ ਗੁਰਦੁਆਰਿਆਂ ਵਿੱਚ ਕੀਤੇ ਹਨ, ਪਰ ਜਿਸ ਤਰ੍ਹਾਂ ਅਜੇ ਵੀ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ ਇਸ ਲਈ ਜ਼ਰੂਰੀ ਹੈ ਕਿ ਗੁਰਸਿੱਖ ਜੋ ਦੇਸ਼ ਜਾਂ ਵਿਦੇਸ਼ ਵਿੱਚ ਸਰੁੱਖਿਆ ਦੇ ਖੇਤਰ ਵਿੱਚ ਉੱਚ ਅਹੁਦੇ ਤੇ ਰਹਿ ਚੁੱਕੇ ਹਨ ਉਹਨਾਂ ਦੀ ਸਲਾਹ ਲੈਕੇ ਗੁਰਦੁਆਰਾ ਵਿੱਚ ਹੋਰ ਉਚੇਚੇ ਪ੍ਰਬੰਧ ਕੀਤੇ ਜਾਣ।

 

Leave a Reply

Your email address will not be published. Required fields are marked *