Sat. Feb 24th, 2024


ਨਵੀਂ ਦਿੱਲੀ – ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਖੰਡਿਤ ਗਵਰਨਿੰਗ ਬਾਡੀ ਦੀ ਮੁੜ ਉਸਾਰੀ ਸੰਬੰਧੀ ਧਿਆਨ ਦਿਵਾਉਣ ਹਿਤ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਚਿੱਠੀ ਲਿਖੀ ਹੈ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਲਿਖੀ ਚਿੱਠੀ ਵਿੱਚ ਜੀਕੇ ਨੇ ਪ੍ਰਬੰਧਕੀ ਲਾਪਰਵਾਹੀ ਕਰਕੇ ਕਾਲਜ ਦੀ ਖ਼ੁਦਮੁਖ਼ਤਿਆਰੀ ਨੂੰ ਢਾਹ ਲਗਣ ਦਾ ਹਵਾਲਾ ਦਿੱਤਾ ਹੈ। ਇਸ ਸੰਬੰਧੀ ਆਪਣੇ ਫੇਸਬੁੱਕ ਪੇਜ ਉਤੇ ਲਾਈਵ ਹੋਏ ਜੀਕੇ ਨੇ ਗਵਰਨਿੰਗ ਬਾਡੀ ਦੀ ਮੁੜ ਉਸਾਰੀ ਦੀ ਮੰਗ ਕੀਤੀ ਹੈ। ਚਿੱਠੀ ਵਿੱਚ ਜੀਕੇ ਨੇ ਲਿਖਿਆ ਹੈ ਕਿ ਆਪ ਜੀ ਨੂੰ ਇਸ ਗੱਲ ਦੀ ਭਲੀ ਭਾਂਤ ਜਾਣਕਾਰੀ ਹੈਂ ਕਿ ਮੇਰੇ ਪ੍ਰਧਾਨਗੀ ਕਾਲ ਸਮੇਂ ਕਿਵੇਂ ਅਸੀਂ ਚਾਰੋਂ ਖਾਲਸਾ ਕਾਲਜਾਂ ਵਿੱਚ 50 ਫੀਸਦੀ ਸਾਬਤ ਸੂਰਤ ਸਿੱਖ ਬੱਚਿਆਂ ਲਈ ਸੀਟਾਂ ਰਾਖਵੀਆਂ ਰੱਖਣ ਦੀ ਲੜਾਈ ਲੜੀ ਅਤੇ ਜਿੱਤੀ ਸੀ। ਪਰ ਜਿਸ ਤਰੀਕੇ ਨਾਲ ਮੌਜੂਦਾ ਸਮੇਂ ਵਿੱਚ ਤੁਸੀਂ ਚਾਰੇ ਖਾਲਸਾ ਕਾਲਜਾਂ ਵਿੱਚ ਪਹਿਲਾਂ ਮਾਈਨੋਰਿਟੀ ਸਰਟੀਫਿਕੇਟ ਜਾਰੀ ਕਰਨ ਦਾ ਦਿੱਲੀ ਕਮੇਟੀ ਦਾ ਏਕਾਧਿਕਾਰ ਗੁਆਇਆ ਅਤੇ ਫਿਰ ਭਰਤੀ ਵੇਲੇ ਸਿੱਖ ਉਮੀਦਵਾਰਾਂ ਨਾਲ ਬੇਰੁਖੀ ਵਤੀਰਾ ਕੀਤਾ। ਉਸ ਨਾਲ ਸਿੱਖ ਸੰਗਤਾਂ ਨੂੰ ਮਹਿਸੂਸ ਹੋ ਗਿਆ ਸੀ ਕਿ ਤੁਸੀਂ ਸੰਵਿਧਾਨ ਦੇ ਆਰਟੀਕਲ 30(1) ਤੋਂ ਮਿਲੀ ਖ਼ੁਦਮੁਖਤਿਆਰੀ ਨੂੰ ਖਾਲਸਾ ਕਾਲਜਾਂ ਵਿੱਚ ਵਰਤਣ ਦੀ ਇੱਛਾ ਸ਼ਕਤੀ ਨਹੀਂ ਰਖਦੇ। ਇੱਕ ਪਾਸੇ ਸਾਡੇ ਹਮਰੁਤਬਾ ਸੈਂਟ ਸਟੀਫਨ ਤੇ ਜੀਸ਼ਸ਼ ਮੈਰੀ ਵਰਗੇ ਕ੍ਰਿਸ਼ਚੀਅਨ ਕਾਲਜਾਂ ਨੇ ਦਿੱਲੀ ਯੂਨੀਵਰਸਿਟੀ ਦੀ ਬਜਾਏ ਆਪਣੀ ਨੀਤੀ ਅਨੁਸਾਰ ਬੀਤੇ ਵਰ੍ਹੇ ਡਟ ਕੇ ਦਾਖਲੇ ਕੀਤੇ।‌ ਦੂਜੇ ਪਾਸੇ ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਆਪਣੀ ਹੋਂਦ ਦੀ ਲੜਾਈ ਸੁਪਰੀਮ ਕੋਰਟ ਵਿੱਚ ਲੜ ਰਹੀ ਹੈ। ਪਰ ਪਤਾ ਨਹੀਂ ਤੁਹਾਡੀਆਂ ਕੀ ਮਜਬੂਰੀਆਂ ਹਨ, ਤੁਸੀਂ ਆਪਣੀ ਕੌਮ ਦੇ ਹਿੱਤ ਯੂਨੀਵਰਸਿਟੀ ਅੱਗੇ ਸਰੈਂਡਰ ਕਰ ਦਿੱਤੇ ਹਨ? ਕੀ ਤੁਹਾਡੇ ਕੋਲ ਦਿੱਲੀ ਦੇ ਸਿੱਖ ਬੁੱਧੀਜੀਵੀਆਂ ਅਤੇ ਕੌਮ ਪ੍ਰਸਤ ਸ਼ਖ਼ਸੀਅਤਾਂ ਵਿੱਚੋਂ ਖਾਲਸਾ ਕਾਲਜ ਦਾ ਚੇਅਰਮੈਨ ਤੇ ਖਜਾਨਚੀ ਬਣਨ ਦੀ ਯੋਗਤਾ ਕੋਈ ਨਹੀਂ ਰੱਖਦਾ ਹੈ? ਬੜੀ ਮਿਹਨਤ ਅਤੇ ਤਪਸਿਆ ਨਾਲ ਬਣੇ ਇਨ੍ਹਾਂ ਕੌਮੀ ਵਿਦਿਅਕ ਅਦਾਰਿਆਂ ਪ੍ਰਤੀ ਆਪਣੀ ਬੇਰੁਖੀ ਨੂੰ ਸੰਭਾਲ ਕੇ ਤੁਰੰਤ ਦਿੱਲੀ ਕਮੇਟੀ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਾ ਪ੍ਰਬੰਧ ਆਪਣੇ ਹੱਥ ਵਿੱਚ ਸੰਭਾਲੇ। ਵਰਨਾ ਇਹ ਸਮਝਿਆ ਜਾਵੇਗਾ ਕਿ ਤੁਸੀਂ ਇਸ ਭਰਤੀ ਪ੍ਰਕਿਰਿਆ ਵਿਚਾਲੇ ‘ਲੁਕ ਕੇ ਲੱਡੂ ਖਾਣ’ ਦੀ ਨੀਅਤ ਨਾਲ ਇਹ ‘ਫਿਕਸ ਮੈਚ’ ਖੇਡ ਰਹੇ ਹੋ।
ਉਨ੍ਹਾਂ ਦਸਿਆ ਕਿ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਨਾਰਥ ਕੈਂਪਸ, ਦਿੱਲੀ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਦੇ ਅਸਤੀਫੇ ਤੋਂ ਬਾਅਦ 23 ਸਤੰਬਰ 2023 ਤੋਂ ਖੰਡਿਤ ਪਈ ਹੈ। ਪਰ 130 ਦਿਨ ਬੀਤਣ ਦੇ ਬਾਵਜੂਦ ਦਿੱਲੀ ਕਮੇਟੀ ਵੱਲੋਂ ਆਪਣੇ ਪ੍ਰੀਮੀਅਰ ਕਾਲਜ ਦੀ ਗਵਰਨਿੰਗ ਬਾਡੀ ਦੀ ਮੁੜ ਉਸਾਰੀ ਨਹੀਂ ਕਰਨਾ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰ ਰਿਹਾ ਹੈ। ਇਸ ਸਮੇਂ ਕਾਲਜ ਦੇ ਰੁਟੀਨ ਦੇ ਫੈਸਲੇ ਦਿੱਲੀ ਯੂਨੀਵਰਸਿਟੀ ਦੇ ਪ੍ਰਤੀਨਿਧੀ ਵਜੋਂ ਡਾਕਟਰ ਸਬਾ ਕਰੀਮ ਅਤੇ ਡਾਕਟਰ ਰਾਕੇਸ਼ ਕੁਮਾਰ ਲੈ ਰਹੇ ਹਨ। ਮੌਜੂਦਾ ਕਾਰਜਸ਼ੀਲ ਗਵਰਨਿੰਗ ਬਾਡੀ ਵੱਲੋਂ ਹੁਣ ਤੱਕ ਪੱਕੀ ਅਤੇ ਆਰਜ਼ੀ ਭਰਤੀ ਸੰਬੰਧੀ ਕਈ ਨੋਟਿਸ ਵੀ ਜਾਰੀ ਕੀਤੇ ਗਏ ਹਨ, ਜੋਂ ਕਿ ਕਾਲਜ ਦੀ ਵੈੱਬਸਾਈਟ ਉਤੇ ਮੌਜੂਦ ਹਨ। ਇਨ੍ਹਾਂ ਮੁੱਖ ਨੋਟਿਸਾਂ ਵਿੱਚ ਭਰਤੀ ਪ੍ਰੀਖਿਆ ਲੈਬ ਟੈਕਨੀਸ਼ੀਅਨ ਤੇ ਲਾਈਬ੍ਰੇਰੀ ਅਟਐਨਡੈਂਟ, ਇੰਟਰਵਿਊ ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਹੀ ਅਰਥਸ਼ਾਸਤਰ, ਅੰਗਰੇਜ਼ੀ, ਹਿੰਦੀ ਤੇ ਬਾਟਨੀ ਵਿਭਾਗ ਲਈ ਗੈਸਟ ਟੀਚਰਾਂ ਦੀ ਭਰਤੀ ਸੰਬੰਧੀ ਨੋਟਿਸ ਸ਼ਾਮਲ ਹਨ।

 

Leave a Reply

Your email address will not be published. Required fields are marked *