ਨਵੀਂ ਦਿੱਲੀ – ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਸੇਵਾਦਾਰ ਭਾਈ ਅਰਵਿੰਦਰ ਸਿੰਘ “ਰਾਜਾ” ਨੇ ਅਜ ਤਾਲਿਬਾਨਾਂ ਵਲੋਂ ਅਫਗਾਨਿਸਤਾਨ ਤੇ ਕੀਤੀ ਫਤਹਿ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਤੋਂ ਲਗਭਗ ਵੀਹ ਸਾਲ ਪਹਿਲਾਂ ਤਾਲਿਬਾਨ ਦੇ ਪ੍ਰਮੁੱਖ ਮੁੱਲਾ ਮੁਹੰਮਦ ਉਮਰ ਨੇ ਅਮਰੀਕਾ ਅਤੇ ਨਾਟੋ ਫੋਰਸਾਂ ਵਲੋਂ ਅਫਗਾਨਿਸਤਾਨ ਤੇ ਹਮਲੇ ਦੇ ਜੁਆਬ ਵਿੱਚ ਸੰਬੋਧਨ ਹੁੰਦਿਆਂ ਕਿਹਾ ਸੀ ਕਿ “ਜਿਹੜੇ ਲੋਕ ਸਚਾਈ ਅਤੇ ਇਮਾਨ ਦੇ ਰਾਹ ਤੇ ਚੱਲਦੇ ਹਨ ਉਹਨਾਂ ਦੀ ਫਤਹਿ ਹੋਵੇਗੀ, ਇਹ ਅੱਲਾ(ਰੱਬ) ਦਾ ਵਾਅਦਾ ਹੈ ਅਤੇ ਦੁਨੀਆਂ ਦੇਖੇਗੀ ਮੇਰੇ ਰੱਬ ਦਾ ਵਾਅਦਾ ਜਰੂਰ ਸੱਚਾ ਹੋਵੇਗਾ, ਰੱਬ ਆਪਣੇ ਬੰਦਿਆਂ ਨੂੰ ਫਤਹਿ ਦੇਵੇਗਾ”। ਉਨ੍ਹਾਂ ਕਿਹਾ ਕਿ ਭਾਵੇ ਮੁੱਲਾ ਉਮਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ, ਪਰ ਉਸਦੇ ਸਾਥੀਆਂ ਤੇ ਉਥੋਂ ਦੇ ਲੋਕਾਂ ਨੇ ਆਪਣੇ ਰੱਬ ਅਤੇ ਆਪਣੇ ਧਰਮ ਤੇ ਯਕੀਨ ਰੱਖਦਿਆਂ 2 ਦਹਾਕੇ ਦੁਨੀਆਂ ਦੀਆਂ ਪ੍ਰਮੁਖ ਤਾਕਤਾਂ ਅਤੇ ਅਸੀਮ ਟੈਕਨਾਲੋਜੀ ਤੇ ਮਿਲਟਰੀ ਪਾਵਰ ਦੇ ਮੁਕਾਬਲੇ ਆਪਣੇ ਸੀਮਤ ਸਾਧਾਨਾਂ ਨਾਲ ਜੰਗ ਲੜੀ ਤੇ ਅੰਤ ਵਿਚ ਅਪਣੇ ਨਿਸ਼ਾਨੇ ਤੇ ਪੁੱਜ ਗਏ । ਭਾਵੇਂ ਉਨ੍ਹਾਂ ਦੇ ਮਿਸ਼ਨ ਵਿਚ ਬਹੁਤੇ ਉਤਰਅ ਚੜਾਅ ਆਏ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਅਪਣੇ ਨਿਸ਼ਾਨੇ ਪ੍ਰਤੀ ਸੁਹਿਰਦਤਾ ਨਾਲ ਲੜਦੇ ਰਹੇ ਤੇ ਅਖਿਰ 15 ਅਗਸਤ ਨੂੰ ਮੁੱਲਾ ਉਮਰ ਦੇ ਬੋਲ ਪੂਰੇ ਹੋ ਗਏ, ਤਾਲਿਬਾਨ ਨੇ ਬਿਨਾਂ ਗੋਲੀ ਚਲਾਏ ਹੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਨੂੰ ਫਤਹਿ ਕਰ ਲਿਆ। ਪੱਛਮੀ ਤਾਕਤਾਂ ਅਤੇ ਹਿੰਦੂ ਹਕੂਮਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਇਨ੍ਹਾਂ ਜੁਝਾਰੂਆਂ ਤੋਂ ਸਬਕ ਲੈਂਦਿਆਂ ਸਿੱਖਾਂ ਨੂੰ ਇਹ ਸੋਚਣ ਤੇ ਸਮਝਣ ਦੀ ਲੋੜ ਹੈ, ਕਿ ਅਸੀ ਆਪਣੇ ਗੁਰੂ ਸਾਹਿਬਾਨ ਅਤੇ ਅਕਾਲ ਪੁਰਖ ਤੇ ਕਿੰਨਾਂ ਦ੍ਰਿੜ ਵਿਸ਼ਵਾਸ਼ ਰੱਖਦੇ ਹਾਂ, ਕੀ ਅਸੀਂ ਪੁਰਾਤਨ ਸਿੱਖਾਂ ਵਾਂਗ ਆਪਣੇ ਗੁਰੂ ਅਤੇ ਪੰਥ ਦੀ ਰੱਖਿਆ ਲਈ ਪੂਰੀ ਦੁਨੀਆਂ ਅਗੇ ਖੜੇ ਹੋਣ ਜੋਗ ਹਾਂ, ਜਾਂ ਅਸੀਂ ਪੱਛਮ ਦੇ ਪੂੰਜੀਵਾਦ ਅਤੇ ਗੋਲਬਲਾਈਜੇਸ਼ਨ ਦੇ ਏਜੰਡੇ ਅਗੇ ਆਪਣੇ ਹਥ ਖੜੇ ਕਰ ਚੁੱਕੇ ਹਾਂ । ਉਨ੍ਹਾਂ ਸਿੱਖ ਨੇਤਾਵਾਂ ਨੂੰ ਚੇਤੇ ਕਰਵਾਇਆ ਕਿ ਜਿੱਤ ਹਮੇਸ਼ਾ ਇਮਾਨਦਾਰੀ ਦਲੇਰੀ ਅਤੇ ਰੱਬ ਤੇ ਅਟਲ ਵਿਸ਼ਵਾਸ਼ ਰਖ ਕੇ ਲੜਨ ਵਾਲਿਆ ਦੀ ਹੁੰਦੀ ਹੈ ਤੇ ਸਾਡਾ ਆਪਣਾ ਇਤਿਹਾਸ ਇਹਨਾਂ ਉਦਾਹਰਨਾਂ ਨਾਲ ਭਰਿਆ ਪਿਆ ਹੈ। ਅੰਤ ਵਿਚ ਉਨ੍ਹਾਂ ਕਿਹਾ ਕਿ ਪੰਥ ਅੰਦਰ ਅਣਗਿਣਤ ਸ਼ਹਾਦਤਾਂ ਹੋਈਆਂ ਹਨ ਅਸੀ ਕੁਰਸੀ ਅਤੇ ਚੌਧਰ ਦੇ ਭੁੱਖੇ ਲੀਡਰਾਂ ਕਰਕੇ ਅਪਣੇ ਸ਼ਹੀਦਾਂ ਦਾ ਸੁਫਨਾ ਪੂਰਾ ਕਰਣ ਵਿਚ ਅਸਮਰਥ ਰਹੇ ਹਾਂ, ਸਿੱਖ ਨੌਜੁਆਨੀ ਨੂੰ ਨਸ਼ਿਆਂ ਵਿਚ ਧਕੇਲ ਕੇ ਉਨ੍ਹਾਂ ਦੀ ਸੋਚ ਬਦਲ ਦਿੱਤੀ ਗਈ ਤੇ ਰਹਿੰਦੀ ਸਹਿੰਦੀ ਕਸਰ ਵਿਦੇਸ਼ ਜਾਣ ਦੀ ਚਾਹਤ ਨੇ ਪੂਰੀ ਖ਼ਤਮ ਕਰ ਦਿੱਤੀ । ਉਨ੍ਹਾਂ ਕਿਹਾ ਕਿ ਸਾਡੇ ਕੌਮੀ ਸ਼ਹੀਦਾਂ ਦਾ ਡੁਲਿਆ ਖੂਨ ਵਿਅਰਥ ਨਹੀਂ ਜਾਏਗਾ ਇਹ ਤਾਂ ਪੱਕਾ ਹੈ ਤੇ ਮੁੜ ਖਾਲਸਾ ਜੀ ਦੇ ਬੋਲਬਾਲੇ ਹੋਣਗੇ ਇਹ ਵੀ ਯਕੀਨੀ ਹੈ । ਭਾਈ ਅਰਵਿੰਦਰ ਸਿੰਘ ਰਾਜਾ ਦੇ ਨਾਲ ਭਾਈ ਹਰਪਾਲ ਸਿੰਘ, ਭਾਈ ਜਗਤਾਰ ਸਿੰਘ, ਭਾਈ ਮਲਕੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜ਼ਿਰ ਸਨ ।

 

Leave a Reply

Your email address will not be published. Required fields are marked *