Sat. Dec 2nd, 2023


ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਯੂ.ਸੀ.ਸੀ ਮਸਲੇ ਉਤੇ ਵਿਚਾਰ ਕਰਨ ਲਈ ਬੁਲਾਈ ਗਈ ਮੀਟਿੰਗ ਨੂੰ ਨਾਕਾਮ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਬੁੱਧੀਜੀਵੀ ਅਤੇ ਹੋਰ ਉੱਘੇ ਸਿੱਖਾਂ ਨੇ ਟੀਮ ਕਾਲਕਾ ਦੇ ਦਿੱਤੇ ਸੱਦੇ ‘ਤੇ ਮੀਟਿੰਗ ਵਿੱਚ ਨਾ ਆ ਕੇ ਸਾਫ ਕਰ ਦਿੱਤਾ ਹੈ ਕਿ ਸਿੱਖ ਇਹਨਾਂ ਦੇ ਧੋਖੇ ਵਿੱਚ ਨਹੀਂ ਆਉਣ ਵਾਲੇ।
ਇਸ ਤੋਂ ਇਲਾਵਾ ਉਨ੍ਹਾਂ ਦੇ ਸਾਥੀ ਮੈਂਬਰਾਂ ਅਤੇ ਪਾਰਟੀ ਵਰਕਰਾਂ ਨੇ ਇਸ ਮੀਟਿੰਗ ਤੋਂ ਦੂਰੀ ਬਣਾਈ ਰੱਖੀ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹ ਵੀ ਇਸ ਮੁੱਦੇ ‘ਤੇ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ। ਸਿੱਖ ਕੌਮ ਚੰਗੀ ਤਰ੍ਹਾਂ ਜਾਣਦੀ ਹੈ ਕਿ ਟੀਮ ਕਾਲਕਾ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਸਿੱਖ ਕੌਮ ਵਿੱਚ ਭੰਬਲਭੂਸਾ ਪੈਦਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਟੀਮ ਕਾਲਕਾ ਕਹਿ ਰਹੀ ਹੈ ਕਿ ਫਿਲਹਾਲ ਸਰਕਾਰ ਵੱਲੋਂ ਯੂ.ਸੀ.ਸੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ, ਪਰ ਜੇਕਰ ਅਜਿਹਾ ਸੀ ਤਾਂ ਉਨ੍ਹਾਂ ਨੇ ਕਿਸ ਸੋਚ ਨਾਲ ਮੀਟਿੰਗ ਬੁਲਾਈ।
ਸ: ਸਰਨਾ ਨੇ ਕਿਹਾ ਕਿ ਟੀਮ ਕਾਲਕਾ ਨੇ ਨਿੱਜੀ ਤੌਰ ‘ਤੇ ਪ੍ਰਮੁੱਖ ਸਿੱਖਾਂ ਨੂੰ ਦਿੱਲੀ ਅਤੇ ਦਿੱਲੀ ਤੋਂ ਬਾਹਰ ਮੀਟਿੰਗਾਂ ਲਈ ਸੱਦਾ ਦਿੱਤਾ ਸੀ ਪਰ ਬਹੁਤੇ ਸਿੱਖਾਂ ਨੇ ਮੀਟਿੰਗ ਤੋਂ ਦੂਰ ਰਹਿ ਕੇ ਟੀਮ ਕਾਲਕਾ ਨੂੰ ਸ਼ੀਸ਼ਾ ਵਿਖਾਇਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਦਿੱਲੀ, ਆਗਰਾ, ਇੰਦੌਰ ਸਮੇਤ ਹੋਰਨਾਂ ਰਾਜਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਿੱਲੀ ਦੇ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਸਪੱਸ਼ਟ ਕੀਤਾ ਕਿ ਸਿੱਖ ਕੌਮ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ।
ਸ੍ਰ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਸਾਲਾਂ ਤੋਂ ਯਤਨਸ਼ੀਲ ਹੈ ਅਤੇ ਅੱਜ ਵੀ ਸਮੁੱਚੇ ਸਿੱਖ ਜਗਤ ਨੂੰ ਇਹ ਭਰੋਸਾ ਦਿਵਾਉਂਦਾ ਹੈ ਕਿ ਜੇਕਰ ਕੋਈ ਵੀ ਸਰਕਾਰ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਦੀ ਹੈ ਤਾਂ ਉਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਲਈ ਭਾਵੇਂ ਕੋਈ ਵੀ ਕੁਰਬਾਨੀ ਕਰਨੀ ਪਵੇ, ਇਸ ਲਈ ਸ਼੍ਰੋਮਣੀ ਅਕਾਲੀ ਦਲ ਤਿਆਰ ਹੈ।

 

Leave a Reply

Your email address will not be published. Required fields are marked *